ਭਾਰਤ ਨਾਈਜ਼ਰ ਅਤੇ ਟਿਊਨੀਸ਼ੀਆ ਨਾਲ ਆਪਣੇ ਰੁਝਾਨਾਂ ‘ਚ ਕਰ ਰਿਹਾ ਹੈ ਵਾਧਾ
ਅਫ਼ਰੀਕੀ ਮੁਲਕਾਂ ‘ਤੇ ਵਧੇਰੇ ਧਿਆਨ ਕੇਂਦਰਿਤ ਕਰਨ ਅਤੇ ਨਾਲ ਹੀ ਉਨ੍ਹਾਂ ਨਾਲ ਨਜ਼ਦੀਕੀ ਕੂਟਨੀਤਕ ਤੇ ਆਰਥਿਕ ਸਬੰਧਾਂ ਨੂੰ ਵਿਕਸਤ ਕਰਨ ਦੇ ਉਦੇਸ਼ ਨਾਲ ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ.ਐਸ ਜੈਸ਼ੰਕਰ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਨਾਈਜ਼ਰ ਅਤੇ ਟਿਊਨੀਸ਼ੀਆ ਦਾ ਦੌਰਾ ਕੀਤਾ।ਨਵੀਂ ਦਿੱਲੀ ਵੱਲੋਂ ਇੰਨ੍ਹਾਂ ਅਫ਼ਰੀਕੀ ਮੁਲਕਾਂ ਨੂੰ ਖਾਸ ਮਹੱਤਵ ਦਿੱਤਾ ਜਾ ਰਿਹਾ ਹੈ ਕਿਉਂਕਿ ਇੰਨ੍ਹਾਂ ਰਾਜਾਂ ਨੇ ਸੰਣੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਗੈਰ-ਸਥਾਈ ਮੈਂਬਰ ਵੱਜੋਂ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਮਦਦ ਕੀਤੀ ਸੀ।ਸ੍ਰੀ ਜੈਸ਼ੰਕਰ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਫ਼ਰੀਕਾ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਰਿਹਾ।
ਨਾਈਜ਼ਰ ਦੀ ਯਾਤਰਾ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਨਾਈਜ਼ਰ ਦੇ ਰਾਸ਼ਟਰਪਤੀ ਮਹਾਮੁਦੋ ਈਸੌਫੂ (Mahamadou Issoufou) ਨਾਲ ਮੁਲਾਕਾਤ ਕੀਤੀ।ਦੋਵਾਂ ਹੀ ਆਗੂਆਂ ਨੇ ਸਾਂਝੇ ਤੌਰ ‘ਤੇ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਸੰਮੇਲਨ ਕੇਂਦਰ ਦਾ ਉਦਘਾਟਨ ਕੀਤਾ।ਮਹਾਤਮਾ ਗਾਂਧੀ ਦੀ 150ਵੀਂ ਜੰਯਤੀ ਨੂੰ ਸਮਰਪਿਤ ਭਾਰਤ ਵੱਲੋਂ ਅਫ਼ਰੀਕਾ ‘ਚ ਸਥਾਪਿਤ ਕੀਤਾ ਗਿਆ ਇਹ ਪਹਿਲਾ ਕੇਂਦਰ ਹੈ।ਇਸ ਕੇਂਦਰ ਦੀ ਸਥਾਪਨਾ ਦੋਵਾਂ ਦੇਸ਼ਾਂ ਦੀ ਮਿੱਤਰਤਾ ਨੂੰ ਦਰਸਾਉਂਦੀ ਹੈ, ਨਾਲ ਹੀ ਅਫ਼ਰੀਕਾ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਵੀ ਪ੍ਰਤੀਕ ਹੈ।ਇਹ ਕੇਂਦਰ ਖੁੱਲੇ ਖੇਤਰ, ਆਧੁਨਿਕ ਅਤੇ ਵਾਤਾਵਰਣ ਅਨੁਕੂਲ ਸਹੂਲਤ ਵੱਜੋਂ ਤਿਆਰ ਕੀਤਾ ਗਿਆ ਹੈ।ਇਸ ਕੇਂਦਰ ‘ਚ 2 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।ਇਸ ਹਾਲ ‘ਚ ਅਫ਼ਰੀਕੀ ਯੂਨੀਅਨ, ਏਯੂ ਮੈਂਬਰ ਦੇਸ਼ ਅਤੇ ਹੋਰ ਉੱਚ ਪੱਧਰੀ ਸੰਮੇਲਨਾਂ ਦਾ ਆਯੋਜਨ ਹੋ ਸਕੇਗਾ।
ਇੱਥੇ ਆਪਣੇ ਠਹਿਰਾਵ ਦੌਰਾਨ ਡਾ.ਜੈਸ਼ੰਕਰ ਨੇਨਾਈਜ਼ਰ ਦੇ ਪ੍ਰਧਾਨ ਮੰਤਰੀ Brigi Rafini ਨਾਲ ਵੀ ਮੁਲਾਕਾਤ ਕੀਤੀ।ਉਨ੍ਹਾਂ ਨੇ ਆਪਣੇ ਹਮਅਹੁਦਾ Kalla Ankkourao ਨਾਲ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਵਿਆਪਕ ਚਰਚਾ ਕੀਤੀ।ਦੋਵਾਂ ਧਿਰਾਂ ਨੇ ਦੁਵੱਲੇ ਸਬੰਧਾਂ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਮਝੌਤੇ ਵੀ ਸਹੀਬੱਧ ਕੀਤੇ ਅਤੇ ਨਾਲ ਹੀ ਆਲਮੀ ਚੁਣੌਤੀ ਅੱਤਵਾਦ ਦੇ ਟਾਕਰੇ ਸਮੇਤ ਵਿਕਾਸ ਅਤੇ ਸੁਰੱਖਿਆ ਦੀਆਂ ਸਾਂਝੀਆਂ ਚੁਣੌਤੀਆਂ ‘ਤੇ ਵਿਚਾਰ ਚਰਚਾ ਵੀ ਕੀਤੀ।
ਹਾਲ ਦੇ ਕੁੱਝ ਸਾਲਾਂ ਤੋਂ ਦੋਵਾਂ ਹੀ ਰਾਜਾਂ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੁਲਾਰਾ ਮਿਿਲਆ ਹੈ।ਭਾਰਤ ਵੱਲੋਂ ਨਾਈਜ਼ਰ ਨੂੰ ਟਰਾਂਸਪੋਰਟ, ਬਿਜਲੀਕਰਨ, ਸੌਰ ਊਰਜਾ ਅਤੇ ਪੀਣ ਯੋਗ ਪਾਣੀ ਸਬੰਧੀ ਪ੍ਰਾਜੈਕਟਾਂ ਦੇ ਵਿਕਾਸ ਲਈ ਕਰਜਾ ਵੀ ਮੁਹੱਈਆ ਕਰਵਾਇਆ ਗਿਆ ਹੈ।ਭਾਰਤੀ ਤਕਨੀਕੀ ਅਤੇ ਆਰਥਿਕ ਸਹਿਕਾਰਤਾ ਪ੍ਰੋਗਰਾਮ ਅਧੀਨ ਨਾਈਜ਼ਰ ਤੋਂ ਕਈ ਸੈਂਕੜੇ ਅਧਿਕਾਰੀਆਂ ਨੇ ਭਾਰਤੀ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮਾਂ ਦਾ ਲਾਭ ਚੁੱਕਿਆ ਹੈ।ਭਾਰਤ ਨੇ ਪਿਛਲੇ ਸਾਲ ਜੁਲਾਈ ਮਹੀਨੇ ਏਯੂ ਸੰਮੇਲਨ ਦੇ ਆਯੋਜਨ ‘ਚ ਨਾਈਜ਼ਰ ਦੀ ਮਦਦ ਵੀ ਕੀਤੀ ਸੀ।
ਅੰਤਰਰਾਸ਼ਟਰੀ ਮੰਚ ‘ਤੇ ਨਾਈਜ਼ਰ ਵੱਲੋਂ ਵੱਖ-ਵੱਖ ਅਹੁਦਿਆਂ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਵੀ ਕੀਤਾ ਹੈ।ਇਸ ਨੇ ਵਿਸ਼ਵ ਕਸਟਮ ਸੰਗਠਨ ਦੇ ਪਾਲਣਾ ਅਤੇ ਸਹੂਲਤ ਦੇ ਨਿਰਦੇਸ਼ਕ, ਵਿਸ਼ਵ ਸਹਿਤ ਸੰਗਠਨ ਦੇ ਬਾਹਰੀ ਆਡੀਟਰ ਲਈ ਸਾਲ 2020-2023 ਦੀ ਮਿਆਦ ਲਈ ਅਹੁਦੇਦਾਰੀ ਦਾ ਸਮਰਥਨ ਕੀਤਾ ਹੈ।
ਭਾਰਤ ਦਾ ਨਾਈਜ਼ਰ ਨਾਲ ਦੁਵੱਲਾ ਵਪਾਰ 2016-17 ‘ਚ 81.27 ਮਿਲੀਅਨ ਡਾਲਰ ਸੀ, ਜੋ ਕਿ 2017-18 ‘ਚ 140.45 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਸੀ।ਭਾਰਤ ਵੱਲੋਂ ਸਾਲ 2019-20 (ਅਪ੍ਰੈਲ-ਅਕਤੂਬਰ) ‘ਚ ਨਾਈਜ਼ਰ ਨੂੰ 51.76 ਮਿਲੀਅਨ ਡਾਲਰ ਦੀ ਬਰਾਮਦ ਕੀਤੀ ਜਦਕਿ ਨਾਈਜ਼ਰ ਵੱਲੋਂ ਭਾਰਤ ਨੂੰ 0.34 ਮਿਲੀਅਨ ਡਾਲਰ ਦਾ ਨਿਰਯਾਤ ਹੋਇਆ।
ਭਾਰਤੀ ਵਿਦੇਸ਼ ਮੰਤਰੀ ਨੇ ਟਿਊਨੀਸ਼ੀਆ ਦੀ ਆਪਣੀ ਫੇਰੀ ਦੌਰਾਨ ਉੱਥੋਂ ਦੇ ਰਾਸ਼ਟਰਪਤੀ Kais Saied, ਅਤੇ ਆਪਣੇ ਹਮਅਹੁਦਾ Sabri Bachtobji ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਭਾਲ ਲਈ ਵਿਚਾਰ ਚਰਚਾ ਕੀਤੀ।
ਦੋਵਾਂ ਹੀ ਰਾਜਾਂ ਨੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਨਵੀਨਤਾ ਕੇਂਦਰ ਦੀ ਸਥਾਪਨਾ ਕਰਨ ਲਈ ਇਕ ਸਮਝੌਤਾ ਵੀ ਸਹੀਬੱਧ ਕੀਤਾ।ਟਿਊਨੇਸ਼ੀਆ ਫਾਸਫੇਟ ਲਈ ਇੱਕ ਭਰੋਸੇਯੋਗ ਸਰੋਤ ਹੈ।ਟਿਊਨੇਸ਼ੀਆ ਵੱਲੋਂ ਵਿਸ਼ਵਵਿਆਪੀ ਪੱਧਰ ‘ਤੇ ਪ੍ਰਦਾਨ ਕੀਤੇ ਜਾਣ ਵਾਲੇ ਫਾਸਫੇਟ ਦਾ 50% ਭਾਰਤ ਦੇ ਹਿੱਸੇ ਆਉਂਦਾ ਹੈ।
ਇਹ ਫੇਰੀ ਸਾਲ 2017 ‘ਚ ਨਵੀਂ ਦਿੱਲੀ ਵਿਖੇ ਹੋਈ ਟਿਊਨੇਸ਼ੀਆ-ਭਾਰਤ ਸੰਯੁਕਤ ਕਮੇਟੀ ਦੇ ਫ਼ੈਸਲਿਆਂ ਅਤੇ ਸਿਫਾਰਸ਼ਾਂ ਦੀ ਪਿੱਠਭੂਮੀ ‘ਚ ਬਹੁਤ ਖਾਸ ਰਹੀ ਹੈ।ਇਸ ਤੋਂ ਇਲਾਵਾ ਉਸ ਮੌਕੇ ਅਪਣਾਏ ਗਏ ਰੋਡਮੈਪ ਨੂੰ ਅਮਲ ‘ਚ ਲਿਆਉਣ ਲਈ ਇਹ ਮੁਲਾਕਾਤ ਵਿਸ਼ੇਸ਼ ਮਹੱਤਵ ਰੱਖਦੀ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਭਾਰਤ-ਟਿਊਨੀਸ਼ੀਆ ਸਾਂਝੇਦਾਰੀ ਨੂੰ ਇੱਕ ਨਵੀਂ ਦਿਸ਼ਾ ਹਾਸਲ ਹੋਵੇਗੀ।
ਦੱਸਣਯੋਗ ਹੈ ਕਿ ਕਿਸੇ ਭਾਰਤੀ ਵਿਦੇਸ਼ ਮੰਤਰੀ ਵੱਲੋਂ 1958 ਤੋਂ ਬਾਅਦ ਇਹ ਦੂਜੀ ਵਾਰ ਉੱਤਰੀ ਅਫ਼ਰੀਕੀ ਮੁਲਕ ਦਾ ਦੌਰਾ ਕੀਤਾ ਗਿਆ ਹੈ।
ਨਾਈਜ਼ਰ ਅਤੇ ਟਿਊਨੀਸ਼ੀਆ ਦੋਵੇਂ ਹੀ ਭਾਰਤ ਲਈ ਇਕਸਮਾਨ ਮਹੱਤਵ ਰੱਖਦੇ ਹਨ, ਕਿਉਂਕਿ ਇਹ ਦੋਵੇਂ ਮੁਲਕ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਗੈਰ ਸਥਾਈ ਮੈਂਬਰ ਹਨ ਅਤੇ ਬਹੁਤ ਵਾਰ ਨਵੀਂ ਦਿੱਲੀ ਨੂੰ ਇੰਨ੍ਹਾਂ ਅਫ਼ਰੀਕੀ ਰਾਜਾਂ ਦੀ ਮਦਦ ਦੀ ਲੋੜ ਪਈ ਹੈ ਅਤੇ ਇੰਨ੍ਹਾਂ ਰਾਜਾਂ ਨੇ ਆਪਣਾ ਪੂਰਾ ਸਮਰਥਨ ਨਵੀਂ ਦਿੱਲੀ ਨੂੰ ਦਿੱਤਾ ਵੀ ਹੈ।ਕਹਿ ਸਕਦੇ ਹਾਂ ਕਿ ਭਾਰਤ ਨੇ ਇੰਨ੍ਹਾਂ ਰਾਜਾਂ ਵੱਲੋਂ ਹਾਸਲ ਹੋਏ ਸਮਰਥਨ ਦੇ ਧੰਨਵਾਦ ‘ਚ ਹੀ ਆਪਣੀ ਕੂਟਨੀਤਕ ਪਹੁੰਚ ਤਹਿਤ ਇਸ ਦੌਰੇ ਦਾ ਆਯੋਜਨ ਕੀਤਾ ਹੈ।
ਸਕ੍ਰਿਪਟ: ਵਿਨੀਤ ਵਹੀ, ਪੱਤਰਕਾਰ
Comments
Post a Comment