ਭਾਰਤ ਦੀ ਗੁਆਂਢ ਪਹਿਲ ਨੀਤੀ: ਖੇਤਰੀ ਧਾਰਨਾਵਾਂ

ਭਾਰਤ ਦੇ ਨਵੀਂ ਦਿੱਲੀ ਸਥਿਤ ਪ੍ਰਮੁੱਖ ਥਿੰਕ ਟੈਂਕ, ਰੱਖਿਆ ਅਧਿਐਨ ਅਤੇ ਵਿਸ਼ਲੇਸ਼ਣ ਸੰਸਥਾ, ਇਡਸਾ ਵੱਲੋਂ 12ਵੇਂ ਦੱਖਣੀ ਏਸ਼ੀਆ ਸੰਮੇਲਨ ਦਾ ਆਯੋਜਨ ਕੀਤਾ ਗਿਆ।ਇਸ ਸੰਮੇਲਨ ਦਾ ਵਿਸ਼ਾ “ਭਾਰਤ ਦੀ ਗੁਆਂਢ ਪਹਿਲ ਨੀਤੀ: ਖੇਤਰੀ ਧਾਰਨਾਵਾਂ ” ਸੀ।ਇਸ ਸੰਮੇਲਨ ਨੇ ਦੱਖਣੀ ਏਸ਼ੀਆਈ ਖੇਤਰ ਅਤੇ ਮਿਆਂਮਾਰ ਦੇ ਨੀਤੀ ਨਿਰਮਾਤਾਵਾਂ, ਵਿਦਵਾਨਾਂ ਅਤੇ ਮਾਹਰਾਂ ਨੂੰ ਇਕ ਮੰਚ ‘ਤੇ ਇੱਕਠਾ ਕੀਤਾ, ਤਾਂ ਜੋ ਇਸ ਚਰਚਾ ਕੀਤੀ ਜਾ ਸਕੇ ਕੇ ਇੰਨ੍ਹਾਂ ਮੁਲਕਾਂ ਲਈ ਭਾਰਤ ਦੀ ਗੁਆਂਢ ਪਹਿਲ ਨੀਤੀ ਦੇ ਕੀ ਅਰਥ ਹਨ।ਦੋ ਦਿਨਾਂ ਤੱਕ ਚੱਲੇ ਇਸ ਸੰਮੇਲਨ ‘ਚ ਲਗਭਗ 25 ਪੇਪਰ ਪੇਸ਼ ਕੀਤੇ ਗਏ।ਵਿਦੇਸ਼ੀ ਭਾਗੀਦਾਰਾਂ ਤੋਂ ਇਲਾਵਾ 9 ਭਾਰਤੀ ਭਾਗੀਦਾਰਾਂ ਨੇ ਵੀ ਇਸ ਨੀਤੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ, ਜੋ ਕਿ ਇਡਸਾ ਦੇ ਪ੍ਰਧਾਨ ਵੀ ਹਨ, ਉਨ੍ਹਾਂ ਨੇ ਆਪਣੇ ਉਦਘਾਟਨੀ ਭਾਸ਼ਣ ‘ਚ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਖੇਤਰ ਆਪਣੀ ਵਿਅਕਤੀਗਤ ਕੌਮੀ ਪਛਾਣ ਤੋਂ ਉਪਰ ਉੱਠ ਕੇ ਸਮੂਹਿਕ ਵਿਕਾਸ ਬਾਰੇ ਸੋਚੇ।ਖੇਤਰ ਨੂੰ ਦੱਖਣੀ ਏਸ਼ੀਆ ਵੱਜੋਂ ਅਗਾਂਹ ਵੱਧਣ ਦੀ ਲੋੜ ਹੈ।ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਨ ਨੇ ਭਾਰਤ ਦੀ ਗੁਆਂਢ ਪਹਿਲ ਨੀਤੀ ਦੇ ਕਈ ਪਹਿਲੂਆਂ ‘ਤੇ ਜ਼ੋਰ ਦਿੱਤਾ।

ਸਾਲ 2014 ‘ਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਤੌਰ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਹਲਫ਼ ਲਿਆ ਸੀ , ਉਸ ਸਮੇਂ ਉਨ੍ਹਾਂ ਦਾ ਪੂਰਾ ਧਿਆਨ ਆਪਣੇ ਗੁਆਂਢੀ ਮੁਲਕਾਂ ‘ਤੇ ਸੀ।ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ‘ਚ ਸਾਰਕ ਦੇਸ਼ਾਂ ਦੇ ਆਗੂਆਂ ਨੂੰ ਸੱਦਾ ਦਿੱਤਾ ਅਤੇ ਨਾਲ ਹੀ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਗੁਆਂਢੀ ਮੁਲਕ ਭੂਟਾਨ ਦਾ ਦੌਰਾ ਕੀਤਾ। ਇਸ ਤੋਂ ਬਾਅਧ ਉਨ੍ਹਾਂ ਦੂਜੇ ਗੁਆਂਢੀ ਦੇਸ਼ਾਂ ਦੀ ਵੀ ਫੇਰੀ ਕੀਤੀ।ਇਸ ਨੀਤੀ ਨੂੰ ਪਿਛਲੀ ਸਰਕਾਰ ਦੀਆਂ ਨੀਤੀਆਂ ਤੋਂ ਕੁੱਝ ਵੱਖਰਾ ਬਣਾਉਣ ਲਈ ਪ੍ਰਧਾਨ ਮੰਤਰੀ ਨੇ ਗੂਆਂਢੀ ਮੁਲਕਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਅਹਿਸਾਸ ਕਰਵਾਇਆ ਕਿ ਉਹ ਭਾਰਤ ਲਈ ਕਿੰਨੇ ਖਾਸ ਹਨ।ਪੀਐਮ ਮੋਦੀ ਨੇ ਆਪਣੀ ਪਹਿਲੀ ਪਾਰੀ ‘ਚ ਆਪਣੇ ਇਸ ਨਜ਼ਰੀਏ ਨੂੰ ‘ਸਭ ਕਾ ਸਾਥ, ਸਬ ਕਾ ਵਿਕਾਸ’ ਕਹਿ ਕੇ ਪੇਸ਼ ਕੀਤਾ ਅਤੇ ਬਾਅਦ ‘ਚ ਦੂਜੀ ਪਾਰੀ ਦੌਰਾਨ ‘ ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ’ ਦੀ ਧੁੰਨ ‘ਤੇ ਆਪਣੀ ਨੀਤੀ ਨੂੰ ਪੇਸ਼ ਕੀਤਾ।
ਇੱਥੇ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਭਾਰਤ ਦੇ ਦੁਵੱਲੇ ਸੰਬੰਧ ਇਕ ਹੱਥ ਦੇ ਇਕ ਹੱਥ ਲੈ ਦੀ ਧਾਰਨਾ ‘ਤੇ ਨਹੀਂ ਬਲਕਿ ਸਾਂਝੀ ਖੁਸ਼ਹਾਲੀ ‘ਤੇ ਟਿਕੇ ਹੋਏ ਹਨ।ਇਸ ਤੋਂ ਇਲਾਵਾ ਮੌਜੂਦਾ ਵਿਸ਼ਵਾਸ ਦੇ ਘਾਟੇ ਨੂੰ ਦੂਰ ਕਰਦਿਆਂ ਇਕਪਾਸੜ ਰਿਆਇਤਾਂ ਵੀ ਇੰਨ੍ਹਾਂ ਸੰਬੰਧਾਂ ਦਾ ਅਧਾਰ ਹਨ।

ਭਾਰਤ ਅਤੇ ਇਸ ਦੇ ਗੁਆਂਢੀ ਦੇਸ਼ਾਂ ਦਰਮਿਆਨ ਤਾਕਤ ਦੀ ਅਸਮਾਨਤਾ ਦੇ ਕਾਰਨ ਕਈ ਵਾਰ ਭਾਰਤ ਦੇ ਗੂਆਂਢੀ ਮੁਲਕਾਂ ਨੇ ਬਾਹਰੀ ਤਾਕਤਾਂ ਤੋਂ ਸਮਰਥਨ ਲਿਆ ਹੈ।ਇਸ ਲਈ ਦੋ ਗੁਆਂਢੀ ਦੇਸ਼ਾਂ ਦਰਮਿਆਨ ਵਧੀਆਂ ਸਬੰਧਾਂ ਦਾ ਅਧਾਰ ਆਪਸੀ ਸਮਝ ‘ਤੇ ਅਧਾਰਤ ਹੋਣਾ ਚਾਹੀਦਾ ਹੈ।

ਇਸ ਸੰਮੇਲਨ ਦੌਰਾਨ ਸੰਪਰਕ, ਪਾਣੀ ਦੇ ਸਰੋਤਾਂ ਦੀ ਵਰਤੋਂ, ਗਰਿੱਡ ਅੰਤਰ-ਸੰਪਰਕ ਰਾਹੀਂ ਊਰਜਾ ਸੰਪਰਕ ਵਰਗੇ ਮੁੱਦਿਆਂ ‘ਤੇ ਸਹਿਯੋਗ ਲਈ ਜ਼ੋਰ ਦਿੱਤਾ ਗਿਆ।ਇਹ ਮੁੱਦੇ ਖੇਤਰ ‘ਚ ਆਰਥਿਕ ਏਕੀਕਰਣ ਦੀ ਸਹੂਲਤ ਨੂੰ ਹੁਲਾਰਾ ਦੇਣਗੇ।ਅੰਤਰ ਖੇਤਰੀ ਵਪਾਰ ਅਜੇ ਵੀ ਘੱਟ ਰਿਹਾ ਹੈ ਅਤੇ ਵੱਖ-ਵੱਖ ਵਪਾਰਕ ਰੁਕਾਵਟਾਂ, ਵਧੇਰੇ ਕਾਗਜ਼ੀ ਕੰਮਕਾਜ਼ ਅਤੇ ਮਾੜੇ ਸੰਪਰਕ ਦੇ ਕਾਰਨ ਇਸ ਘਾਟੇ ‘ਚ ਹੋਰ ਵਾਧਾ ਹੋਣ ਦੀ ਸੰਭਾਵਣਾ ਹੈ।ਹਾਲਾਂਕਿ ਕਈ ਸੰਪਰਕ ਪ੍ਰਾਜੈਕਟਾਂ ਦੀ ਬਦੌਲਤ ਇਸ ਸਥਿਤੀ ‘ਚ ਸੁਧਾਰ ਹੋ ਰਿਹਾ ਹੈ।ਹਾਲ ਹੀ ਦੇ ਸਾਲਾਂ ‘ਚ ਬਿਜਲੀ ਵਪਾਰ ਇਕ ਹਕੀਕਤ ਬਣਿਆ ਹੈ।ਭਾਰਤ ਵੱਲੋਂ ਬੰਗਲਾਦੇਸ਼ ਨੂੰ ਤਕਰੀਬਨ 1200 ਮੈਗਾਵਾਟ ਬਿਜਲੀ ਨਿਰਯਾਤ ਕੀਤੀ ਜਾਂਦੀ ਹੈ ਅਤੇ ਗਰਿੱਡ ਸੰਪਰਕ ਦੇ ਕਾਇਮ ਹੋਣ ਨਾਲ ਇਸ ਵਪਾਰ ‘ਚ ਵਾਧਾ ਹੀ ਹੋਵੇਗਾ।

ਇਸੇ ਤਰ੍ਹਾਂ ਹੀ ਬੰਗਲਾਦੇਸ਼ ਨੇ ਭੂਟਾਨ ‘ਚ ਹਾਈਡਲ ਪ੍ਰਾਜੈਕਟਾਂ ਲਈ ਇਕ ਅਰਬ ਡਾਲਰ ਦੇ ਨਿਵੇਸ਼ ਦਾ ਪ੍ਰਸਤਾਵ ਦਿੱਤਾ ਹੈ।ਨਵੀਂ ਦਿੱਲੀ ਨੇ ਨੇਪਾਲ ‘ਚ ਨਿਵੇਸ਼ ਕਰਨ ਲਈ ਆਪਣੀ ਦਿਲਚਸਪੀ ਪ੍ਰਗਟ ਕੀਤੀ ਹੈ।ਸੰਭਾਵਨਾ ਹੈ ਕਿ ਮਾਰਚ 2019 ਦਾ ਭਾਰਤ ਦਾ ਸਰਹੱਦ ਪਾਰ ਦਾ ਪਾਵਰ ਵਪਾਰ ਪ੍ਰਬੰਧ ਇਸ ਵਪਾਰ ਨੂੰ ਉਤਸ਼ਾਹਿਤ ਕਰੇਗਾ ਕਿਉਂਕਿ ਗਰਿੱਡ ਸੰਪਰਕ ਹਕੀਕਤ ਬਣਨ ਜਾ ਰਿਹਾ ਹੈ।ਬੁਨਿਆਦੀ ਢਾਂਚੇ, ਜੰਗੀ ਅਤੇ ਆਫਤ ਪ੍ਰਭਾਵਿਤ ਖੇਤਰਾਂ ‘ਚ ਪੁਨਰ ਨਿਰਮਾਣ ਦੀਆਂ ਗਤੀਵਿਧੀਆਂ ‘ਚ ਨਿਵੇਸ਼ ਕਰਨ ਤੋਂ ਇਲਾਵਾ ਭਾਰਤ ਆਪਣੇ ਗੁਆਂਢੀ ਰਾਜਾਂ ਦੇ ਨੌਕਰਸ਼ਾਹਾਂ ਤੇ ਹਥਿਆਰਬੰਦ ਫੌਜਾਂ ਦੀ ਸਮਰੱਥਾ ਨਿਰਮਾਣ ‘ਚ ਵੀ ਮਦਦ ਕਰ ਰਿਹਾ ਹੈ।ਭਾਰਤ ਖੇਤਰ ਦੀਆਂ ਹਥਿਆਰਬੰਦ ਸੈਨਾਵਾਂ ਨਾਲ ਦੁਵੱਲੇ ਅਤੇ ਬਹੁਪੱਖੀ ਅਭਿਆਸਾਂ ‘ਚ ਵੀ ਸ਼ਾਮਲ ਹੈ।

ਭਾਰਤ ਦੇ ਗੁਆਂਢੀ ਮੁਲਕ ਵੀ ਵੱਖ-ਵੱਖ ਖੇਤਰਾਂ ‘ਚ ਭਾਰਤ ਨਾਲ ਆਪਣੇ ਰੁਝਾਨਾਂ ਨੂੰ ਵਧਾਉਣ ਲਈ ਤਿਆਰ ਹਨ।ਨੇਪਾਲ, ਭੂਟਾਨ ਦੋਵੇਂ ਹੀ ਦੇਸ਼ ਆਪਣੇ ਵਪਾਰ ਦੇ ਵਿਸਥਾਰ ਲਈ ਬੰਗਲਾਦੇਸ਼ ‘ਚ ਸਮੁੰਦਰੀ ਬੰਦਰਗਾਹਾਂ ਤੱਕ ਪਹੁੰਚ ਕਾਇਮ ਕਰਨ ਲਈ ਉਤਸੁਕ ਹਨ।ਇਸ ਦੇ ਨਾਲ ਹੀ ਉਹ ਆਪਣੇ ਊਰਜਾ ਬਾਜ਼ਾਰ ‘ਚ ਵਿਿਭੰਨਤਾ ਲਿਆਉਣ ਦੇ ਵੀ ਚਾਹਵਾਨ ਹਨ।ਦੋਵਾਂ ਦੇਸ਼ਾਂ ਨੂੰ ਅਹਿਸਾਸ ਹੈ ਕਿ ਭਾਰਤ ਨਾਲ ਸਾਂਝੇਦਾਰੀ ਦਾ ਉਨ੍ਹਾਂ ਨੂੰ ਲਾਭ ਹੀ ਹੋਵੇਗਾ।ਮਾਲਦੀਵ ਅਤੇ ਭੂਟਾਨ ਨੇ ਆਪਣੀ ‘ਭਾਰਤ ਪਹਿਲ’ ਨੀਤੀ ‘ਤੇ ਜ਼ੋਰ ਦਿੱਤਾ।ਬੰਗਲਾਦੇਸ਼ ਨੇ ਦੁਵੱਲੇ ਸੰਬੰਧਾਂ ਦੀ ਬੁਨਿਆਦ ਵਿਸ਼ਵਾਸ ‘ਤੇ ਜ਼ੋਰ ਦਿੱਤਾ।

ਭਾਰਤ ਖੇਤਰ ‘ਚ ਬਹੁਤ ਹੀ ਮੇਲ-ਮਿਲਾਪ ਨਾਲ ਆਪਣੇ ਸੰਬੰਧਾਂ ਨੂੰ ਅੱਗੇ ਵਧਾਉਣ ਦੀ ਸਮਰੱਥਾ ਰੱਖਦਾ ਹੈ।ਖੇਤਰ ਦੇ ਲਗਭਗ ਸਾਰੇ ਹੀ ਦੇਸ਼ ਆਲਮੀ ਬੁਰਾਈ ਅੱਤਵਾਦ ਦਾ ਸੇਕ ਝੱਲ ਰਹੇ ਹਨ ਅਤੇ ਇਸ ਨਾਲ ਨਜਿੱਠਣਾ ਸਭਨਾਂ ਲਈ ਇੱਕ ਵੱਡੀ ਚੁਣੌਤੀ ਹੋ ਨਿਭੜਿਆ ਹੈ।ਇਸ ਲਈ ਖੇਤਰ ਦੇ ਸਾਰੇ ਦੇਸ਼ਾਂ ਲਈ ਜਿੱਥੇ ਦੁਵੱਲੇ ਸੰਬੰਧ ਬਹੁਤ ਮਹੱਤਵਪੂਰਣ ਹਨ, ਉੱਥੇ ਹੀ ਖੇਤਰੀ ਸਮੂਹ ਵੀ ਆਪਣਾ ਖਾਸ ਸਥਾਨ ਰੱਖਦੇ ਹਨ।ਸਾਰਕ ਅਤੇ ਬਿਮਸਟੇਕ, ਬੰਗਲਾਦੇਸ਼-ਭੂਟਾਨ-ਭਾਰਤ-ਨੇਪਾਲ (ਬੀਬੀਆਈਐਨ) ਅਤੇ ਬੰਗਲਾਦੇਸ਼-ਚੀਨ-ਭਾਰਤ-ਮਿਆਂਮਾਰ (ਬੀਸੀਆਈਐਮ) ਆਰਥਿਕ ਗਲਿਆਰਾ ਆਦਿ ਖੇਤਰੀ ਆਰਥਿਕ ਏਕੀਕਰਣ ਦੇ ਸੰਦਰਭ ‘ਚ ਦੱਖਣੀ ਏਸ਼ੀਆਈ ਖੇਤਰ ਦੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਉਣ ਦਾ ਸਮਰੱਥ ਰੱਖਦੇ ਹਨ।ਆਉਣ ਵਾਲੇ ਸਮੇਂ ‘ਚ ਆਪਸੀ ਮਤਭੇਦਾਂ ਨੂੰ ਪਿੱਛੇ ਛੱਡ ਕੇ ਸ਼ਾਂਤੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਦੀ ਜ਼ਰੂਰਤ ਹੈ।

ਸਕ੍ਰਿਪਟ: ਡਾ.ਸਮਰੁਤੀ ਐਸ ਪਟਨਾਇਕ, ਦੱਖਣੀ ਏਸ਼ੀਆ ਦੀ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ