ਅਮਰੀਕਾ-ਇਰਾਨ ਵਿਚਾਲੇ ਬਗਦਾਦ ਵਿੱਚ ਲੁਕਵੀਂ ਜੰਗ
ਅਮਰੀਕਾ ਨੂੰ ਸਾਡਾ ਸੰਦੇਸ਼ ਮਿਲ ਗਿਆ। ਇਰਾਨ ਪੱਖੀ ਮੁਜ਼ਾਹਰਾਕਾਰੀਆਂ ਨੇ ਬਗਦਾਦ ਦੇ ਸਖ਼ਤ ਸੁਰੱਖਿਆ ਵਾਲੇ ‘ਗ੍ਰੀਨ ਜ਼ੋਨ’ ਵਿੱਚ ਸਥਿਤ ਅਮਰੀਕੀ ਦੂਤਾਵਾਸ ਦੇ ਆਸ-ਪਾਸ ਦੇ ਇਲਾਕੇ ਵਿੱਚ ਵਾਪਰੀ ਹਾਲੀਆ ਘਟਨਾ ਨਾਲ ਇਹੀ ਦਰਸਾਉਣ ਦੀ ਕੋਸ਼ਿਸ਼ ਕੀਤੀ। ਗੌਰਤਲਬ ਹੈ ਕਿ ਟਰੰਪ ਪ੍ਰਸ਼ਾਸਨ ਅਤੇ ਇਸਲਾਮਿਕ ਮੁਲਕ ਇਰਾਨ ਵਿਚਾਲੇ ਲੰਮੇ ਸਮੇਂ ਤਕ ਚੱਲੀ ਖਿੱਚੋਤਾਣ ਦੌਰਾਨ ਇੱਕ ਅਮਰੀਕੀ ਠੇਕੇਦਾਰ ਦੀ ਹੱਤਿਆ ਅਤੇ ਕੁਝ ਅਮਰੀਕੀ ਸੈਨਿਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਸਥਿਤੀ ਬਣੀ ਤਣਾਅ ਵਾਲੀ ਬਣੀ ਹੋਈ ਹੈ। ਕਾਬਿਲੇਗੌਰ ਹੈ ਕਿ ਇਰਾਨ ਪੱਖੀ ਇੱਕ ਗੁੱਟ ਦੁਆਰਾ ਕੀਤੇ ਗਏ ਇੱਕ ਹਮਲੇ ਵਿਚ ਕੁਝ ਅਮਰੀਕੀ ਸੈਨਿਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।
ਇਸ ਹਮਲੇ ਦੇ ਵਿਰੋਧ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੀ ਫੌਜ ਨੂੰ ਪੰਜ ਟਿਕਾਣਿਆਂ 'ਤੇ ਹਮਲਾ ਕਰਨ ਦਾ ਹੁਕਮ ਦਿੱਤਾ, ਜਿਸ ਵਿਚ ਘੱਟੋ-ਘੱਟ 25 ਲੋਕ ਮਾਰੇ ਗਏ ਸਨ ਤੇ ਜ਼ਖਮੀਆਂ ਦੀ ਗਿਣਤੀ ਇਸ ਤੋਂ ਦੁੱਗਣੀ ਸੀ। ਇਸ ਹਮਲੇ ਤੋਂ ਬਾਅਦ ਇਰਾਕ ਵਿਚ ਮੌਜੂਦ ਇਰਾਨ ਪੱਖੀ ਗੁੱਟ ਨੂੰ ਗੁੱਸਾ ਆਇਆ, ਜਿਸ ਨੇ ਬਗਦਾਦ ਵਿਚ ਅਮਰੀਕੀ ਸਫਾਰਤਖਾਨੇ 'ਤੇ ਹਮਲਾ ਕੀਤਾ; ਬਾਹਰਲੀ ਕੰਧ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਕੰਧ ਦੇ ਅੰਦਰ ਤੈਨਾਤ ਅਮਰੀਕੀ ਫੌਜੀਆਂ ਨੂੰ ਸਥਿਤੀ ਸੰਭਾਲਣ ਲਈ ਗੋਲੀਬਾਰੀ ਤਕ ਕਰਨ ਦੀ ਨੌਬਤ ਆ ਗਈ ਸੀ।
ਕਾਬਿਲੇਗੌਰ ਹੈ ਕਿ ਇਰਾਨ ਦੀ ਹਿਮਾਇਤ ਪ੍ਰਾਪਤ ਸ਼ੀਆ ਲੜਾਕੂਆਂ ਦੇ ਗੁੱਟ ਕਤੀਬ ਹਿਜ਼ਬੁੱਲਾ ਜੋ ਕਿ ਪਾਪੁਲਰ ਮੋਬੀਲਾਜ਼ੇਸ਼ਨ ਫੋਰਸਡ (ਪੀ.ਐੱਮ.ਐੱਫ.) ਦਾ ਹਿੱਸਾ ਹੈ, ਨੇ ਇਰਾਕ-ਸੀਰੀਆ ਦੀ ਸਰਹੱਦ ਲਾਗੇ ਅਮਰੀਕੀ ਠਿਕਾਣੇ 'ਤੇ ਸ਼ੁਰੂਆਤੀ ਹਮਲਾ ਕੀਤਾ ਸੀ। ਮਾਰਚ 2003 ਦੇ ਅਮਰੀਕੀ ਅਗਵਾਈ ਵਾਲੇ ਇਰਾਕ ਦੇ ਹਮਲੇ ਤੋਂ ਬਾਅਦ ਹੀ ਹਿਜ਼ਬੁੱਲਾ ਲੜਾਕੂਆਂ ਦਾ ਗੁੱਟ ਇਰਾਕੀ ਗ੍ਰਹਿ ਯੁੱਧ ਵਿੱਚ ਸਰਗਰਮ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਉਸ ਨੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਸਮਰਥਨ ਵਿੱਚ ਸੀਰੀਆ ਦੇ ਗ੍ਰਹਿ ਯੁੱਧ ਵਿੱਚ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ ਸੀ।
ਅਮਰੀਕੀ ਫੌਜ ਦੁਆਰਾ 29 ਦਸੰਬਰ ਨੂੰ ਪੰਜ ਠਿਕਾਣਿਆਂ ਤੇ ਕੀਤੇ ਜਵਾਬੀ ਹਮਲੇ ਬਾਰੇ ਜਾਣਕਾਰੀ ਦੇਣ ਲਈ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ “ਅਸੀਂ ਸਖ਼ਤ ਜਵਾਬ ਦਿੱਤਾ ਅਤੇ ਹਮੇਸ਼ਾ ਦੇਵਾਂਗੇ। ਹੁਣ ਇਰਾਨ, ਇਰਾਕ ਵਿਚ ਅਮਰੀਕੀ ਸਫਾਰਤਖਾਨੇ 'ਤੇ ਹਮਲਾ ਕਰਨ ਦੀ ਤਾਕ ਵਿੱਚ ਹੈ।” ਬਾਅਦ ਵਿਚ ਉਨ੍ਹਾਂ ਅਮਰੀਕੀ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਰਾਕ ਸਰਕਾਰ ਦੁਆਰਾ ਦਿੱਤੀ ਗਈ ਪ੍ਰਤਿਕਿਰਿਆ ਦਾ ਵੀ ਸ਼ੁਕਰੀਆ ਅਦਾ ਕੀਤਾ, ਪਰ ਨਵੇਂ ਸਾਲ ਮੌਕੇ ਉਨ੍ਹਾਂ ਫਿਰ ਇੱਕ ਚਿਤਾਵਨੀ ਦਿੰਦਿਆਂ ਕਿਹਾ ਕਿ “ਸਾਡੇ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਲਈ ਇਰਾਨ ਜ਼ਿੰਮੇਵਾਰ ਹੋਵੇਗਾ। ਉਸ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਹ ਚਿਤਾਵਨੀ ਨਹੀਂ, ਇਹ ਧਮਕੀ ਹੈ। ਨਵਾਂ ਸਾਲ ਮੁਬਾਰਕ !"
ਇਸ ਦੌਰਾਨ ਬਗਦਾਦ ਵਿੱਚ ਹੋਏ ਅਮਰੀਕੀ ਹਵਾਈ ਹਮਲੇ ਵਿੱਚ ਇਰਾਨੀ ਫੌਜ ਦੇ ਬਹੁਤ ਹੀ ਅਹਿਮ ਕਮਾਂਡਰ, ਮੇਜਰ ਜਨਰਲ ਕਾਸਿਮ ਸੁਲੇਮਾਨੀ ਅਤੇ ਇਰਾਕੀ ਲੜਾਕੂ ਗੁੱਟ ਦੇ ਆਗੂ ਅਬੂ ਮਹਿਦੀ ਅਲ-ਮੁਹਾਂਦਿਸ ਮਾਰੇ ਗਏ। ਅਮਰੀਕੀ ਰੱਖਿਆ ਮੰਤਰੀ ਮਾਰਕ ਟੀ ਈਸਪਰ ਨੇ ਕਿਹਾ ਕਿ ਪੈਂਟਾਗਨ ਨੇ ਇੱਕ ਬਹੁਤ ਹੀ ਫੈਸਲਾਕੁੰਨ ਤੇ ਸੁਰੱਖਿਆਤਮਕ ਕਾਰਵਾਈ ਕੀਤੀ ਹੈ।
ਕਾਬਿਲਗੌਰ ਹੈ ਕਿ ਪਿਛਲੇ ਸਾਲ ਮਈ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਪ੍ਰਮਾਣੂ ਸਮਝੌਤੇ ਤੋਂ ਬਾਹਰ ਹੋਣ ਅਤੇ ਇਰਾਨ ਦੇ ਊਰਜਾ ਉਦਯੋਗ ਤੇ ਲਾਈਆਂ ਗਈਆਂ ਨਵੀਆਂ ਰੋਕਾਂ ਦੇ ਸਿੱਟੇ ਵਜੋਂ ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਵਿੱਚ ਵਾਧਾ ਹੋਇਆ ਹੈ। ਅਮਰੀਕਾ ਦੀਆਂ ਰੋਕਾਂ ਅਤੇ ਘਰੇਲੂ ਵਿੱਤੀ ਪ੍ਰਬੰਧਾਂ ਵਿੱਚ ਬੇਨਿਯਮੀਆਂ ਕਾਰਨ ਆਮ ਇਰਾਨੀ ਲੋਕਾਂ ਨੂੰ ਦਰਪੇਸ਼ ਆਰਥਿਕ ਤੰਗੀ ਦੇ ਮੱਦੇਨਜ਼ਰ ਹਾਲ ਹੀ ਦੇ ਦਿਨਾਂ ਵਿੱਚ ਇਰਾਨ ਵਿੱਚ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਵੀ ਹੋ ਰਹੇ ਹਨ।
ਗੌਰਤਲਬ ਹੈ ਕਿ ਹਾਲੇ ਤੀਕਣ ਦੋਵੇਂ ਧਿਰਾਂ ਸਿੱਧੇ ਟਕਰਾਅ ਤੋਂ ਬਚ ਰਹੀਆਂ ਹਨ ਪਰ ਤਾਜ਼ਾ ਮਿਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਇਰਾਨ, ਅਮਰੀਕਾ ਦੁਆਰਾ ਕੀਤੀ ਗਈ ਕਾਰਵਾਈ ਦਾ ਵਿਰੋਧ ਦਰਸਾਉਣ ਲਈ ਅਮਰੀਕਾ ਦੇ ਸਹਿਯੋਗੀ ਮੁਲਕਾਂ ਦੇ ਅਹਿਮ ਠਿਕਾਣਿਆਂ ਤੇ ਹਮਲਾ ਕਰ ਸਕਦਾ ਹੈ।
ਹਾਲੀਆ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਹਟਣ ਤੋਂ ਬਾਅਦ ਵੀ ਰਾਸ਼ਟਰਪਤੀ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਇਰਾਨ “ਭਾਰੀ ਕੀਮਤ ਚੁਕਾਏਗਾ।” ਇਸ ਲਈ ਮੌਜੂਦਾ ਸਮੇਂ ਵਿੱਚ ਤਣਾਅ ਵਿੱਚ ਵਾਧੇ ਨੂੰ ਟਰੰਪ ਦੀਆਂ ਘਰੇਲੂ ਮੁਸੀਬਤਾਂ ਨਾਲ ਜੋੜਿਆ ਜਾ ਸਕਦਾ ਹੈ। ਪਿਛਲੇ ਮਹੀਨੇ ਹੀ ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਦੇ ਵਿਰੁੱਧ ਮਹਾਂਅਭਿਯੋਗ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ। ਕ੍ਰਿਸਮਿਸ ਦੀਆਂ ਛੁੱਟੀਆਂ ਖ਼ਤਮ ਹੁੰਦਿਆਂ ਹੀ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੀ ਸਪੀਕਰ ਨੈਂਸੀ ਪੇਲੋਸੀ ਇਸ ਮੁੱਦੇ ਨੂੰ ਸੀਨੇਟ ਨੂੰ ਸੌਂਪਣ ਤੋਂ ਪਹਿਲਾਂ ਆਪਣੀਆਂ ਯੋਜਨਾਵਾਂ ਦੀ ਰਣਨੀਤੀ ਤਿਆਰ ਕਰ ਰਹੀ ਹੈ। ਰਾਸ਼ਟਰਪਤੀ ਟਰੰਪ ਦੇ ਲਈ ਸਥਿਤੀਆਂ ਨੂੰ ਕੁਝ ਮੋੜਾ ਦੇਣ ਦੀ ਲੋੜ ਹੈ, ਇਸ ਲਈ ਦੂਰ-ਦੁਰਾਡੇ ਦੇ ਮੁਲਕਾਂ ਵਿੱਚ ਅਜਿਹੇ ਭੱਖਦੇ ਹੋਏ ਮਸਲੇ ਤੋਂ ਇਲਾਵਾ ਉਨ੍ਹਾਂ ਦੇ ਲਈ ਹੋਰ ਭਲਾ ਕੀ ਹੋਵੇਗਾ। ਰਾਸ਼ਟਰਪਤੀ ਬਿੱਲ ਕਲਿੰਟਨ ਨੇ ਮੋਨਿਕਾ ਲਾਵਿੰਸਕੀ ਮਾਮਲੇ ਵਜੋਂ ਆਪਣੇ 'ਤੇ ਚੱਲਣ ਵਾਲੇ ਮਹਾਂ-ਅਭਿਯੋਗ ਦੌਰਾਨ ਆਪਣੇ ਵਿਰੋਧੀਆਂ ਨੂੰ ਠਿਕਾਣੇ ਲਾਉਣ ਲਈ ਅਫ਼ਗਾਨਿਸਤਾਨ ਵਿਚ ਅਲ-ਕਾਇਦਾ ਦੇ ਠਿਕਾਣਿਆਂ 'ਤੇ ਹਮਲਾ ਕੀਤਾ ਸੀ।
ਗੌਰਤਲਬ ਹੈ ਕਿ ਕੁਝ ਅਜਿਹੀਆਂ ਖ਼ਤਰਨਾਕ ਲਕੀਰਾਂ ਹਨ ਜਿਨ੍ਹਾਂ ਨੂੰ ਦੋਵੇਂ ਧਿਰਾਂ ਪਾਰ ਨਹੀਂ ਕਰਨਾ ਚਾਹੁੰਦੀਆਂ। ਚੋਣ ਸਾਲ ਦੌਰਾਨ ਅਮਰੀਕੀ ਰਾਸ਼ਟਰਪਤੀ ਇਕ ਹੋਰ ਬੰਧਕ ਸੰਕਟ ਨਹੀਂ ਚਾਹੁੰਦੇ, ਜਿਸ ਨਾਲ ਕਾਰਟਰ ਪ੍ਰੈਜ਼ੀਡੈਂਸੀ 1980 ਵਿਚ ਵਾਪਸ ਆਈ ਸੀ। ਉਸ 444 ਦਿਨਾਂ ਦੀ ਖਿੱਚੋਤਾਣ ਨੇ ਵਾਸ਼ਿੰਗਟਨ ਅਤੇ ਤਹਿਰਾਨ ਵਿਚਾਲੇ ਚਾਰ ਦਹਾਕੇ ਦੀ ਦੁਸ਼ਮਣੀ ਦਾ ਬੀਜ ਬੀਜਿਆ। ਇਸ ਲਈ ਹੁਣ ਨਾ ਤਾਂ ਰਾਸ਼ਟਰਪਤੀ ਟਰੰਪ ਅਤੇ ਨਾ ਹੀ ਇਰਾਨ ਦੇ ਪ੍ਰਮੁੱਖ ਨੇਤਾ ਅਲੀ ਖਮੇਨੀ ਇਸ ਘਟਨਾ ਨੂੰ ਦੁਹਰਾਉਣਾ ਚਾਹੁੰਦੇ ਹਨ।
ਊਰਜਾ ਸੁਰੱਖਿਆ, ਵੱਡੀ ਮਾਤਰਾ ਵਿੱਚ ਲੋਕਾਂ ਦੇ ਪ੍ਰਵਾਸ ਅਤੇ ਨਿਵੇਸ਼ ਨੂੰ ਲੈ ਕੇ ਭਾਰਤ ਨੇ ਵੀ ਸਾਰੀ ਸਥਿਤੀ ਤੇ ਆਪਣੀ ਬਾਜ਼ ਅੱਖ ਟਿਕਾਈ ਹੋਈ ਹੈ। ਦਰਅਸਲ 2017-18 ਤੋਂ ਇਰਾਕ, ਸਾਊਦੀ ਅਰਬ ਦੀ ਥਾਂ ਲੈਂਦਿਆਂ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਕਰਨ ਵਾਲੇ ਸਭ ਤੋਂ ਵੱਡੇ ਸਪਲਾਇਰ ਵਜੋਂ ਉਭਰਿਆ ਹੈ। ਧਿਆਨਯੋਗ ਹੈ ਕਿ ਅਮਰੀਕਾ ਦੀਆਂ ਪਾਬੰਦੀਆਂ ਨੇ ਭਾਰਤ-ਇਰਾਨ ਵਿਚਾਲੇ ਹੋਣ ਵਾਲੇ ਊਰਜਾ ਵਪਾਰ 'ਤੇ ਕਾਫ਼ੀ ਪ੍ਰਭਾਵ ਪਾਇਆ ਹੈ। ਇਸ ਲਈ ਬਗਦਾਦ ਵਿਚ ਚੱਲ ਰਹੇ ਅਮਰੀਕਾ-ਇਰਾਨ ਦੇ ਤਣਾਅ ਦਾ ਛੇਤੀ ਨਿਪਟਾਰਾ ਹੋਣਾ, ਫਾਰਸ ਦੇ ਖਾੜੀ ਖੇਤਰ ਵਿਚ ਭਾਰਤ ਦੇ ਹਿੱਤਾਂ ਲਈ ਕਾਫੀ ਅਹਿਮੀਅਤ ਰੱਖਦਾ ਹੈ।
ਸਕ੍ਰਿਪਟ: ਪ੍ਰੋ. ਪੀ.ਆਰ.ਕੁਮਾਰਸਵਾਮੀ, ਸੈਂਟਰ ਫਾਰ ਵੈਸਟ ਏਸ਼ੀਅਨ ਸਟੱਡੀਜ਼, ਜੇ.ਐਨ.ਯੂ.
Comments
Post a Comment