ਸਿੰਗਾਪੁਰ ਭਾਰਤੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦੇਵੇਗਾ ਹੁਲਾਰਾ

ਸਿੰਗਾਪੁਰ ਦੇ ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਲਈ ਤਾਲਮੇਲ ਮੰਤਰੀ ਥਰਮਨ ਸ਼ੰਮੁਗਰਤਨਮ ਵੱਲੋਂ ਨਵੀਂ ਦਿੱਲੀ ਅਤੇ ਮੁਬੰਈ ਦਾ ਕਾਰਜਕਾਰੀ ਦੌਰਾ ਕੀਤਾ ਗਿਆ।ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ , ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਹੋਰ ਸਾਕਾਰੀ ਆਗੂਆਂ ਨਾਲ ਮੁਲਾਕਾਤ ਕੀਤੀ।ਸ੍ਰੀ ਥਰਮਨ ਨਾਲ ਸਿੰਗਾਪੁਰ ਵਿਦੇਸ਼ ਮੰਤਰਾਲੇ ਅਤੇ ਪੀਐਮ ਦਫ਼ਤਰ ਦੇ ਅਧਿਕਾਰੀ ਵੀ ਇਸ ਦੌਰੇ ‘ਤੇ ਸਨ।ਉਨ੍ਹਾਂ ਨੇ ਆਪਣੇ ਵਫ਼ਦ ਦੇ ਨਾਲ ਮੁਬੰਈ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਉਦਯੋਗ ਦੇ ਮਾਹਿਰਾਂ ਨਾਲ ਵੀ ਮੁਲਾਕਾਤ ਕੀਤੀ।

ਸ਼੍ਰੀ ਥਰਮਨ ਵੱਲੋਂ ਭਾਰਤ ਦੇ ਕੀਤੇ ਗਏ ਇਸ ਦੌਰੇ ਪਿੱਛੇ ਦਾ ਮਕਸਦ ਸੀ ਕਿ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਉਤਸ਼ਾਹਿਤ ਕੀਤਾ ਜਾਵੇ।ਇਸ ਗੱਲ ਦੀ ਗਵਾਹੀ ਇਸ ਤੱਥ ਤੋਂ ਸਪੱਸ਼ਟ ਹੁੰਦੀ ਹੈ ਕਿ ਭਾਰਤੀ ਨੀਤੀ ਘਾੜਿਆਂ ਨਾਲ ਆਪਣੇ ਵਿਚਾਰ ਚਟਾਂਦਰੇ ਦੌਰਾਨ ਉਨ੍ਹਾਂ ਨੇ ਡਿਜੀਟਲ ਆਰਥਿਕਤਾ, ਬੁਨਿਆਦੀ ਢਾਂਚਾ, ਹੁਨਰ ਵਿਕਾਸ ਅਤੇ ਭਾਰਤ-ਸਿੰਗਾਪੁਰ ਵਿਆਪਕ ਆਰਥਿਕ ਸਹਿਕਾਰਤਾ ਇਕਰਾਰਨਾਮੇ (ਸੀ.ਈ.ਸੀ.ਏ.) ਨੂੰ ਤਰਜੀਹ ਦੇ ਅਧਾਰ ‘ਤੇ ਵਿਚਾਰਿਆ ।ਇਸ ਤੋਂ ਇਲਾਵਾ ਸ੍ਰੀ ਸ਼ੰਮੁਗਰਤਨਮ ਨੇ ਸਾਲ 2022 ‘ਚ ਜੀ-20 ਲਈ ਭਾਰਤ ਦੀ ਪ੍ਰਧਾਨਗੀ ਲਈ ਸਿੰਗਾਪੁਰ ਦੇ ਸਮਰਥਨ ਨੂੰ ਪੇਸ਼ ਕੀਤਾ।

ਦੋਵਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਪਹਿਲਾਂ ਹੀ ਸਿਖਰਾਂ ‘ਤੇ ਹੈ।ਸਾਲ 2019 ‘ਚ ਦੁਵੱਲਾ ਵਪਾਰ 26 ਬਿਲੀਅਨ ਡਾਲਰ ਤੋਂ ਵੀ ਵੱਧ ਦਰਜ ਕੀਤਾ ਗਿਆ ਹੈ।ਭਾਰਤ ਅਤੇ ਸਿੰਗਾਪੁਰ ਦੋਵੇਂ ਹੀ ਇਸ ਤੱਥ ਤੋਂ ਜਾਣੂ ਹਨ ਕਿ ਦੁਵੱਲੇ ਵਪਾਰ ਨੂੰ ਅਜੇ ਵੀ ਹੋਰ ਉੱਚਾਈਆਂ ‘ਤੇ ਪਹੁੰਚਾਇਆ ਜਾ ਸਕਦਾ ਹੈ।ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਵਪਾਰ ਦੇ ਵਿਸਥਾਰ ਦੀ ਅਜੇ ਵੀ ਹੋਰ ਸੰਭਾਵਨਾ ਕਾਇਮ ਹੈ।ਹਾਲ ‘ਚ ਹੀ ਭਾਰਤ ਨੇ ਖੇਤਰੀ ਵਿਆਪਕ ਆਰਥਿਕ ਸਾਂਝੇਦਾਰੀ ਦੀ ਗੱਲਬਾਤ ਤੋਂ ਆਪਣੇ ਆਪ ਨੂੰ ਪਿਛਾਂਹ ਖਿੱਚ ਲਿਆ ਹੈ ਅਤੇ ਇਸ ਤੋਂ ਸਪੱਸ਼ਟ ਹੈ ਕਿ ਸਿੰਗਾਪੁਰ ਨਾਲ ਭਾਰਤ ਦੇ ਵਪਾਰਕ ਸਬੰਧਾਂ ਦੀ ਅਗਵਾਈ ਦੁਵੱਲੇ ਸੀ.ਈ.ਸੀ.ਏ ਸਮਝੌਤੇ ਵੱਲੋਂ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਸੀ.ਈ.ਸੀ.ਏ ਸਮਝੌਤਾ ਸਾਲ 2005 ‘ਚ ਸਹੀਬੱਧ ਕੀਤਾ ਗਿਆ ਸੀ।ਇਸ ਸਮਝੌਤੇ ਦੀ ਦੂਜੀ ਸਮੀਖਿਆ 2018 ‘ਚ ਕੀਤੀ ਗਈ ਸੀ। ਸਿੰਗਾਪੁਰ ‘ਚ ਭਾਰਤੀ ਆਈ.ਟੀ. ਅਤੇ ਸੇਵਾਵਾਂ ਸੈਕਟਰ ਦੇ ਪੇਸ਼ੇਵਰਾਂ ਲਈ ਵਧੇਰੇ ਅਤੇ ਸੁਚਾਰੂ ਪਹੁੰਚ ਵੀ ਦੁਵੱਲੇ ਵਪਾਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ।

ਸ੍ਰੀ ਸ਼ੰਮੁਗਰਤਨਮ ਨੇ ਸਿੰਗਾਪੁਰ ਵੱਲੋਂ ਭਾਰਤ ਦੇ ਲੰਮੇ ਸਮੇਂ ਦੇ ਵਿਕਾਸ ਨਜ਼ਰੀਏ ਅਤੇ ਸੰਭਾਵਨਾਵਾਂ ‘ਚ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਸਿੰਗਾਪੁਰ ਤੋਂ ਭਾਰਤ ਅਧਾਰਤ ਨਿਵੇਸ਼, ਵਿਸ਼ੇਸ਼ ਤੌਰ ‘ਤੇ ਤਕਨਾਲੋਜੀ ਪਾਰਕਾਂ ਅਤੇ ਅਸਬਾਬ ‘ਚ ਵਾਧਾ ਹੋ ਰਿਹਾ ਹੈ।ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਸਿੰਗਾਪੁਰ ਨੇ ਭਾਰਤ ਦੀ ਵਿਕਾਸ ਦੀ ਕਹਾਣੀ ‘ਚ ਉਸ ਸਮੇਂ ਭਰੋਸਾ ਪ੍ਰਗਟ ਕੀਤਾ ਹੈ ਜਦੋਂ ਕਿ ਭਾਰਤੀ ਆਰਥਿਕਤਾ ਸਾਲਾਨਾ ਵਿਕਾਸ ਦਰ ‘ਚ ਗਿਰਾਵਟ ਦਾ ਸਾਹਮਣਾ ਕਰ ਰਹੀ ਹੈ।ਇੱਥੇ ਇਹ ਵੀ ਧਿਆਨ ‘ਚ ਰੱਖਣ ਦੀ ਜ਼ਰੂਰਤ ਹੈ ਕਿ ਭਾਰਤ ‘ਚ ਸਿੰਗਾਪੁਰ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕ ਵੱਜੋਂ ਕਾਰਜਸ਼ੀਲ ਹੈ।

ਸ਼੍ਰੀ ਸ਼ੰਮੁਗਰਤਨਮ ਦੀ ਇਸ ਫੇਰੀ ਦੌਰਾਨ ਭਾਰਤ ਨੇ ਬੈਠਕ ‘ਚ ਆਪਣੇ ਬੁਨਿਆਦੀ ਢਾਂਚੇ ਦੇ ਟੀਚਿਆਂ ਦੀ ਪ੍ਰਾਪਤੀ ਲਈ ਸਿੰਗਾਪੁਰ ਦੀ ਮਦਦ ਦੀ ਮੰਗ ਰੱਖੀ।ਹਾਲ ‘ਚ ਹੀ ਮਹੱਤਵਪੂਰਨ ‘ਨੈਸ਼ਨਲ ਬੁਨਿਆਦੀ ਢਾਂਚਾ ਪਾਈਪਲਾਈਨ’ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਕਿ ਅਗਲੇ ਪੰਜ ਸਾਲਾ ‘ਚ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 102 ਲੱਖ ਕਰੋੜ ਰੁ ਹੈ।ਐਨ.ਆਈ.ਪੀ. ਦੇਸ਼ ਭਰ ‘ਚ ਗੁਣਵੱਤਾ ਭਰਪੂਰ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮਾਮਲੇ ‘ਚ ਵੱਡੀਆਂ ਤਬਦੀਲੀਆਂ ਕਰਨ ਦੀ ਸਮਰੱਥਾ ਰੱਖਦਾ ਹੈ।ਹਾਲਾਂਕਿ ਐਨ.ਆਈ.ਪੀ. ਨੂੰ ਵਿਸ਼ਾਲ ਸਰੋਤਾਂ ਨੂੰ ਇੱਕਠੇ ਕਰਨ ਦੀ ਜ਼ਰੂਰਤ ਪਵੇਗੀ।ਇਸ ਮੌਕੇ ਸਿੰਗਾਪੁਰ ਨੂੰ ਬੁਨਿਆਦੀ ਢਾਂਚਾ ਪ੍ਰਾਜੈਕਟਾਂ ‘ਚ ਮਦਦ ਲਈ ਸੱਦਾ ਦੇਣ ਦਾ ਫ਼ੈਸਲਾ ਇਸ ਪੂਰੀ ਪ੍ਰਕ੍ਰਿਆ ਨੂੰ ਬਹੁਤ ਅਸਾਨ ਕਰ ਦੇਵੇਗਾ।

ਦੋਵਾਂ ਧਿਰਾਂ ਨੇ ਸਿੰਗਾਪੁਰ ਦੇ “ ਨੈੱਟਵਰਕ ਵਪਾਰ ਮੰਚ, ਐਨ.ਟੀ.ਪੀ. ਪਹਿਲਕਦਮੀ” ‘ਚ ਸਾਂਝੇ ਤੌਰ ‘ਤੇ ਕੰਮ ਕਰਨ ਦੀ ਸਹਿਮਤੀ ਵੀ ਪ੍ਰਗਟ ਕੀਤੀ ਹੈ।ਐਨ.ਟੀ.ਪੀ. ਪਹਿਲਕਦਮੀ ਸਿੰਗਾਪੁਰ ਦੇ ਕਸਟਮਜ਼ ਅਤੇ ਸਰਕਾਰੀ ਤਕਨਾਲੋਜੀ ਵੱਲੋਂ ਵਿਕਸਿਤ ਕੀਤੀ ਗਈ ਹੈ।ਐਨ.ਟੀ.ਪੀ. ਪਹਿਲਕਦਮੀ ਡਿਜੀਟਲਾਈਜੇਸ਼ਨ ਅਧਾਰਤ ਇੱਕ ਹੀ ਪੱਧਰ ‘ਤੇ ਵਪਾਰ ਅਤੇ ਅਸਬਾਬ ਇਕੋ ਪ੍ਰਣਾਲੀ ਨੂੰ ਪੇਸ਼ ਕਰਦਾ ਹੈ।ਜਿਸ ‘ਚ ਵਪਾਰ ਮੁੱਲ ਦੀ ਲੜੀ ‘ਚ ਸਾਰੇ ਹੀ ਭਾਗੀਦਾਰਾਂ ਨੂੰ ਜੋੜਨ ਦੀ ਸਮਰੱਥਾ ਹੈ।ਇਸ ਨਾਲ ਬਹੁਤ ਹੀ ਤੇਜ਼ ਅਤੇ ਸਹਿਜ ਪ੍ਰਕ੍ਰਿਆ ਦੀ ਸਹੂਲਤ ਵੀ ਹਾਸਲ ਹੋਵੇਗੀ।ਸਿੰਗਾਪੁਰ ਨਾਲ ਡਿਜੀਟਲ ਈ-ਕਮਰਸ ਅਤੇ ਡਿਜੀਟਲਾਈਜੇਸ਼ਨ ਦੇ ਖੇਤਰ ‘ਚ ਭਾਈਵਾਲੀ ਭਾਰਤ ਨੂੰ ਬਹੁਤ ਰਾਸ ਆਵੇਗੀ।ਇਸ ਤਰ੍ਹਾਂ ਭਾਰਤ ਕਿਰਤ ‘ਤੇ ਨਿਰਭਰ ਆਰਥਿਕਤਾ ਨੂੰ ਤਕਨਾਲੋਜੀ ‘ਤੇ ਨਿਰਭਰ ਆਰਥਕਿਤਾ ‘ਚ ਤਬਦੀਲ ਕਰ ਪਾਵੇਗਾ।

ਸ਼੍ਰੀ ਸ਼ੰਮੁਗਰਤਨਮ ਨੇ ਭਾਰਤੀ ਰਿਜ਼ਰਵ ਬੈਂਕ ਵਿਖੇ ਤੀਜਾ ਸੁਰੇਸ਼ ਤੇਂਦੁਲਕਰ ਯਾਦਗਾਰੀ ਭਾਸ਼ਣ ਵੀ ਦਿੱਤਾ।ਜਿਸ ਦਾ ਵਿਸ਼ਾ- “Broad-based Prosperity: Tackling the Fundamentals” ਸੀ।ਰਿਜ਼ਰਵ ਬੈਂਕ ਮੁਤਾਬਿਕ ਸ਼੍ਰੀ ਸ਼ੰਮੁਗਰਤਨਮ ਨੇ ਆਪਣੇ ਭਾਸ਼ਣ ‘ਚ “ ਮਨੁੱਖੀ ਪੂੰਜੀ ਦੇ ਖੇਤਰ ‘ਚ ਢਾਂਚਾਗਤ ਸੁਧਾਰਾਂ ਅਤੇ ਸਾਫ-ਸੁਥਰੇ ਸ਼ਹਿਰਾਂ ਦੇ ਵਿਕਾਸ ਦੀ ਮਹੱਤਤਾ ਅਤੇ ਜ਼ਰੂਰਤ ‘ਤੇ ਜ਼ੋਰ ਪਾਇਆ। ਮਨੁੱਖੀ ਪੂੰਜੀ ‘ਚ ਉਨ੍ਹਾਂ ਨੇ ਸਿੱਖਿਆ, ਸਿਹਤ ਸਾਂਭ ਸੰਭਾਲ, ਹੁਨਰ ਵਿਕਾਸ ਅਤੇ ਕਿਰਤ ਬਾਜ਼ਾਰ ‘ਚ ਸੁਧਾਰ ਦੀ ਗੱਲ ਕੀਤੀ।ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਸ਼ਹਿਰ ਸੰਮਲਿਤ ਵਿਕਾਸ ਦੀ ਬੁਨਿਆਦ ਬਣ ਸਕਦੇ ਹਨ।” ਸਾਫ਼ ਤੌਰ ‘ਤੇ ਕਹਿ ਸਕਦੇ ਹਾਂ ਕਿ ਭਾਰਤ ਆਪਣੇ ਸ਼ਹਿਰਾਂ ਨੂੰ ਸਾਫ- ਸੁਥਰਾ ਅਤੇ ਸਮਾਰਟ ਬਣਾਉਣ ਦੀ ਪ੍ਰਕ੍ਰਿਆ ‘ਚ ਸਿੰਗਾਪੁਰ ਤੋਂ ਬਹੁਤ ਕੁੱਝ ਸਿੱਖ ਸਕਦਾ ਹੈ।

ਭਾਰਤ ਦੇ ਪੂਰਬੀ ਖੇਤਰ ਨਾਲ ਆਪਣੇ ਰੁਝੇਵਿਆਂ ਦੇ ਕੇਂਦਰ ‘ਚ ਸਿੰਗਾਪੁਰ ਖਾਸ ਸਥਾਨ ਰੱਖਦਾ ਹੈ ਅਤੇ ਜ਼ਮੀਨੀ ਪੱਧਰ ‘ਤੇ ਵੀ ਇੰਨ੍ਹਾਂ ਸਬੰਧਾਂ ਦੇ ਨਤੀਜਿਆਂ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ।2019 ‘ਚ ਲਗਭਗ 1.2 ਮਿਲੀਅਨ ਸਿੰਗਾਪੁਰੀ ਸੈਲਾਨੀਆਂ ਦੇ ਨਾਲ, ਭਾਰਤ ਚੀਨ ਅਤੇ ਇੰਡੋਨੇਸ਼ੀਆ ਤੋਂ ਬਾਅਦ ਸਿੰਗਾਪੁਰ ‘ਚ ਸੈਲਾਨੀਆਂ ਦੀ ਆਮਦ ਲਈ ਤੀਜੇ ਸਭ ਤੋਂ ਵੱਡੇ ਸਰੋਤ ਵੱਜੋਂ ਉਭਰਿਆ ਹੈ।ਇੱਥੇ ਨਾਲ ਹੀ ਲੋੜ ਹੈ ਕਿ ਭਾਰਤ ਅਧਾਰਤ ਸਿੰਗਾਪੁਰ ਦੇ ਸੈਲਾਨੀਆਂ ਦੀ ਗਿਣਤੀ ‘ਚ ਵੀ ਵਾਧਾ ਕੀਤਾ ਜਾਵੇ।

ਸਕ੍ਰਿਪਟ: ਡਾ.ਰਾਹੁਲ ਮਿਸ਼ਰਾ, ਦੱਖਣ-ਪੂਰਬੀ ਅਤੇ ਪੂਰਬੀ ਏਸ਼ੀਆਈ ਮਾਮਲਿਆਂ ਦੇ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ