ਪੈਟਰੋਲੀਅਮ ਉਦਯੋਗ ਅਤੇ ਵਿਸ਼ਵ ਆਰਥਿਕਤਾ 'ਤੇ ਕੋਰੋਨਾ ਵਾਇਰਸ ਦਾ ਪ੍ਰਭਾਵ

ਕੋਰੋਨਾ-ਵਾਇਰਸ ਜਾਂ ਕੋਵਿਡ-19 ਤੋਂ ਉਪਜੇ ਹਾਲਾਤਾਂ ਦਾ ਟਾਕਰਾ ਕਰਨ ਲਈ ਦੁਨੀਆ ਭਰ ਦਾ ਅਰਥਚਾਰਾ ਜੂਝ ਰਿਹਾ ਹੈ। ਇਸ ਸਭ ਦੇ ਮੱਦੇਨਜ਼ਰ ਊਰਜਾ ਖੇਤਰ ਵੀ ਬੜੀ ਗੰਭੀਰਤੀ ਨਾਲ ਇਸ ਨੂੰ ਦੇਖ ਰਿਹਾ ਹੈ। ਵੱਖ-ਵੱਖ ਉਦਯੋਗ ਸੰਗਠਨਾਂ ਅਤੇ ਐਸੋਸੀਏਸ਼ਨਾਂ ਦੁਆਰਾ ਤੇਲ ਅਤੇ ਗੈਸ ਉਤਪਾਦਕਾਂ ਨੇ ਸਰਕਾਰ ਨੂੰ ਇਸ 'ਤੇ ਟੈਕਸ ਘਟਾਉਣ ਦੇ ਨਾਲ ਹੀ ਇਸ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ ਨਾਲ ਹੀ ਕਿਹਾ ਹੈ ਕਿ ਕੋਵਿਡ -19 ਮਹਾਂਮਾਰੀ ਦੇ ਚੱਲਦਿਆਂ ਘਰੇਲੂ ਕੁਦਰਤੀ ਗੈਸ 'ਤੇ ਸਾਰੇ ਮੁੱਲ ਨਿਯੰਤਰਣ ਨੂੰ ਖ਼ਤਮ ਕੀਤਾ ਜਾਏ ਤਾਂ ਜੋ ਕੰਪਨੀਆਂ ਨੂੰ ਵਿਸ਼ਵ ਪੱਧਰੀ ਸਪਲਾਈ ਦੇ ਵਾਧੇ ਦੇ ਦੋਹਰੇ ਝਟਕੇ ਨਾਲ ਨਜਿੱਠਣ ਅਤੇ ਮੰਗ 'ਚ ਗਿਰਾਵਟ ਦੇ ਕਾਰਨ ਨੁਕਸਾਨ ਦੀ ਮਾਰ ਨਾ ਝੱਲਣੀ ਪਵੇ।

ਕੋਰੋਨਾ ਵਾਇਰਸ ਦੇ ਚੱਲਦਿਆਂ ਤੇਲ ਸੰਬੰਧੀ ਕੰਮ-ਕਾਰ ਤੇ ਵੀ ਵਿਸ਼ਵ-ਪੱਧਰੀ ਸੰਕਟ ਫੈਲਦਾ ਜਾ ਰਿਹਾ ਹੈ। ਮਹਾਂਮਾਰੀ ਦੇ ਕਾਰਨ ਭਾਰਤ ਵਿੱਚ ਤਾਲਾਬੰਦੀ ਦਾ ਦੌਰ ਜਾਰੀ ਹੈ ਅਤੇ ਇੱਕ ਖਪਤਕਾਰ ਦੇ ਤੌਰ ਤੇ ਭਾਰਤ ਦੀ ਤੇਲ ਦੀ ਮੰਗ 70 ਫੀਸਦੀ ਤੱਕ ਘਟ ਗਈ ਹੈ। ਮੌਜੂਦਾ ਮੰਗ ਦੇ ਘਾਟੇ ਨਾਲ ਤੇਲ ਉਤਪਾਦਕਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਵਿਸ਼ਵ ਪੱਧਰੀ ਊਰਜਾ ਉਦਯੋਗ ਨੂੰ ਲੀਹਾਂ ਤੋਂ ਨਾ ਲਾਹੁਣ ਦੇ ਉਪਰਾਲਿਆਂ ਨੂੰ ਲੈ ਕੇ ਹਰ ਹੀਲਾ ਆਪਣਾ ਰਹੇ ਹਨ। ਹਾਲ ਦੀ ਘੜੀ ਊਰਜਾ ਕੰਪਨੀਆਂ ਕੋਲ ਇਸ ਸੰਕਟ ਤੋਂ ਬਚਣ ਲਈ ਆਪਣੇ ਤੇਲ ਉਤਪਾਦਨ ਵਿੱਚ ਕਮੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ।

ਇਸ ਘਟਨਾਕ੍ਰਮ ਦੇ ਮੱਦੇਨਜ਼ਰ ਮਾਰਚ ਵਿੱਚ ਦੇਸ਼ ਵਿੱਚ ਹਵਾਈ ਜਹਾਜ਼ਾਂ ਦੇ ਲਈ ਤੇਲ ਦੀ ਖਪਤ ਮਹੀਨੇ ਵਿੱਚ 29.86 ਫੀਸਦੀ ਘੱਟ ਕੇ 484,000 ਮੀਟ੍ਰਿਕ ਰਹਿ ਗਈ, ਜੋ ਕੋ ਪਿਛਲੇ ਪੰਜ ਸਾਲਾਂ ਦੌਰਾਨ ਮੰਗ ਵਿੱਚ ਹੋਈ ਭਾਰੀ ਕਮੀ ਨੂੰ ਦਰਸਾਉਂਦਾ ਹੈ। ਗੌਰਤਲਬ ਹੈ ਕਿ ਪੂਰੇ ਭਾਰਤ ਵਿੱਚ ਚੱਲ ਰਹੀ ਤਾਲਾਬੰਦੀ ਦੇ ਕਾਰਨ ਹਵਾਈ ਯਾਤਰਾਵਾਂ ਬੰਦ ਹੋਣ ਕਾਰਨ ਉਡਾਣਾਂ ਵੀ ਰੁਕ ਗਈਆਂ ਹਨ ਜਿਸ ਦੇ ਸਿੱਟੇ ਵਜੋਂ ਜਹਾਜ਼ਾਂ ਲਈ ਵਰਤੇ ਜਾਣ ਵਾਲੇ ਤੇਲ ਦੀ ਮੰਗ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਸਭ ਦੇ ਸਿੱਟੇ ਵਜੋਂ ਤੇਲ ਵੇਚਣ ਵਾਲੀਆਂ ਕੰਪਨੀਆਂ ਨੇ ਜਹਾਜ਼ਾਂ ਲਈ ਤੇਲ ਦੀ ਮੰਗ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਛੋਟਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।

ਪ੍ਰਮੁੱਖ ਪਬਲਿਕ ਆਇਲ ਮਾਰਕੀਟਿੰਗ ਕੰਪਨੀ (ਓ.ਐੱਮ.ਸੀ.), ਇੰਡੀਅਨ ਆਇਲ ਨੇ ਇਹ ਵੀ ਕਿਹਾ ਹੈ ਕਿ ਪੈਟਰੋਲੀਅਮ ਉਤਪਾਦਾਂ ਜਿਵੇਂ ਕਿ ਪੈਟਰੋਲ, ਡੀਜ਼ਲ, ਬਾਲਣ ਤੇਲ ਆਦਿ ਦੀ ਮੰਗ ਵਿੱਚ ਲਗਾਤਾਰ ਭਾਰੀ ਕਮੀ ਆਈ ਹੈ। ਕਈਆਂ ਨੇ ਤਾਂ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਡਾਣਾਂ ਵਿੱਚ ਆਈ ਕਮੀ ਦੇ ਕਾਰਨ ਹਵਾਈ ਜਹਾਜ਼ ਕੰਪਨੀਆਂ ਅਤੇ ਬਾਲਣ ਕਾਰੋਬਾਰ ਨੂੰ ਭਾਰੀ ਸੱਟ ਲੱਗ ਸਕਦੀ ਹੈ। ਕਾਬਿਲੇਗੌਰ ਹੈ ਕਿ ਯਾਤਰਾ ਸੰਬੰਧੀ ਹਦਾਇਤਾਂ ਜਾਰੀ ਹੋਣ ਕਾਰਨ ਲੱਗੀਆਂ ਯਾਤਰਾ ਪਾਬੰਦੀਆਂ ਕਾਰਨ ਹਵਾਈ ਜਹਾਜ਼ਾਂ ਦੇ ਈਂਧਨ ਦੀ ਵਿਕਰੀ ਵਿਚ 10 ਫੀਸਦੀ ਦੀ ਗਿਰਾਵਟ ਆਈ ਹੈ, ਇਸ ਦੇ ਨਾਲ ਹੀ ਹੋਰਨਾਂ ਖੇਤਰਾਂ ਵਿੱਚ ਵੀ ਲਗਭਗ 10 ਫੀਸਦੀ ਤੇਲ ਦੀ ਮੰਗ ਵਿੱਚ ਕਮੀ ਦਰਜ ਕੀਤੀ ਗਈ ਹੈ। ਬੀਤੇ ਮਾਲੀ ਸਾਲ ਦੇ ਮੁਕਾਬਲੇ ਡੀਜ਼ਲ ਦੀ ਖਪਤ ਵਿੱਚ 1.13 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਪੈਟਰੋਲੀਅਮ ਦੀ ਖਪਤ ਜੋ ਫਰਵਰੀ ਤੱਕ ਸਿੱਧੇ 30 ਮਹੀਨਿਆਂ ਤੱਕ ਵੱਧ ਰਹੀ ਸੀ, ਮਾਰਚ 2020 ਵਿੱਚ ਘੱਟ ਕੇ 16.36 ਫੀਸਦੀ ਰਹਿ ਗਈ ਹੈ। ਕੱਚੇ ਤੇਲ ਦੇ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ, ਭਾਵ ਅਮਰੀਕਾ ਨੂੰ ਵੀ ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਕੀਮਤਾਂ ਵਿੱਚ ਕਮੀ ਦੇ ਨਾਲ-ਨਾਲ ਵਿੱਕਰੀ ਅਤੇ ਸਟਾਕ ਵਿੱਚ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐਲ.ਪੀ.ਜੀ. ਦੀ ਮੰਗ ਵਿੱਚ ਵਾਧਾ, ਪੈਦਾ ਸਥਿਤੀਆਂ ਦੇ ਮੱਦੇਨਜ਼ਰ ਲੋਕਾਂ ਵਿੱਚ ਉਪਜੀ ਘਬਰਾਹਟ ਕਾਰਨ ਸਿਲੰਡਰ ਦੀ ਵਧੀ ਮੰਗ ਦੇ ਸਿੱਟੇ ਵਜੋਂ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਭਾਰਤ ਸਰਕਾਰ ਨੇ ਅਗਲੇ ਤਿੰਨ ਮਹੀਨਿਆਂ ਲਈ 'ਉਜਵਲਾ' ਸਕੀਮ ਤਹਿਤ ਗਰੀਬਾਂ ਨੂੰ ਮੁਫ਼ਤ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ।

ਐਲ.ਪੀ.ਜੀ. ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ, ਇੰਡੀਅਨ ਆਇਲ, ਆਪਣੀਆਂ ਵੱਡੀਆਂ ਰਿਫਾਇਨਰੀਆਂ ਵਿਚ ਰਸੋਈ ਗੈਸ ਦੇ ਉਤਪਾਦਨ ਨੂੰ ਵਧਾਉਣ ਲਈ ਕਦਮ ਉਠਾ ਰਿਹਾ ਹੈ। ਇਸ ਸੰਬੰਧੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਅਸੀਂ ਤੇਲ ਅਤੇ ਗੈਸ ਖੇਤਰ ਖਪਤਕਾਰਾਂ ਦੀ ਸਪਲਾਈ ਅਤੇ ਮੰਗ ਦੀਆਂ ਲੋੜਾਂ ਨੂੰ ਸੰਤੁਲਿਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ।

ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ.ਈ.ਏ.) 2020 ਦੌਰਾਨ ਪ੍ਰਤੀ ਦਿਨ 99.9 ਮਿਲੀਅਨ ਬੈਰਲ ਤੇਲ ਦੀ ਮੰਗ ਨੂੰ ਪੂਰਾ ਕਰ ਰਿਹਾ ਹੈ, ਜੋ ਕਿ 2019 ਤੋਂ ਪ੍ਰਤੀ ਦਿਨ ਤਕਰੀਬਨ 90,000 ਬੈਰਲ ਦੀ ਗਿਰਾਵਟ ਹੈ। ਇਹ ਆਈ.ਈ.ਏ. ਫਰਵਰੀ ਮਹੀਨੇ ਵਿੱਚ ਲਾਏ ਗਏ ਅੰਦਾਜ਼ੇ ਦੇ ਬਿਲਕੁਲ ਉਲਟ ਹੈ ਜਿਸ ਵਿੱਚ ਉਸ ਨੇ 2020 ਦੌਰਾਨ ਪ੍ਰਤੀ ਦਿਨ 825,000 ਤੇਲ ਦੀ ਮੰਗ ਵਿੱਚ ਵਾਧਾ ਹੋਣ ਦਾ ਅੰਦਾਜ਼ਾ ਲਾਇਆ ਸੀ। ਅਜਿਹੇ ਖ਼ਤਰੇ ਨੂੰ ਭਾਂਪਦਿਆਂ ਭਾਰਤ ਦੇ ਤੇਲ ਅਤੇ ਗੈਸ ਉਦਯੋਗ ਨੂੰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਭਾਰਤ ਨੇ ਭੂਮੀਗਤ ਭੰਡਾਰਨ ਰਾਹੀਂ ਆਪਣੇ ਭੰਡਾਰਾਂ ਵਿੱਚ ਹੋਰ ਵਾਧਾ ਕਰਨ ਦਾ ਫੈਸਲਾ ਕੀਤਾ ਹੈ, ਜੋ ਸੰਕਟਕਾਲੀਨ ਅਤੇ ਤੇਲ ਦੀ ਕਮੀ ਦੇ ਹਾਲਾਤਾਂ ਵੇਲੇ ਕੰਮ ਆਉਣਗੇ। ਜੇ ਇਸ ਸਮੇਂ ਦੀ ਚੰਗੀ ਵਰਤੋਂ ਕੀਤੀ ਜਾਵੇ ਤਾਂ ਭਵਿੱਖ ਵਿਚ ਜੇ ਭਾਅ ਵਧਦਾ ਹੈ ਤਾਂ ਉਸ ਵੇਲੇ ਭਾਰਤ ਇਸ ਮੌਕੇ ਦਾ ਫਾਇਦਾ ਲੈ ਸਕਦਾ ਹੈ। ਹਾਲ ਦੀ ਘੜੀ ਖਰੀਦਿਆ ਸਸਤਾ ਕੱਚਾ ਤੇਲ ਸਾਨੂੰ ਚਾਲੂ ਖਾਤੇ ਦੇ ਘਾਟੇ, ਰੁਪਏ ਦੀ ਮਜ਼ਬੂਤੀ ਅਤੇ ਮਹਿੰਗਾਈ ਰੋਕਣ ਵਿੱਚ ਸਹਾਇਤਾ ਕਰੇਗਾ। ਖਪਤਕਾਰ ਨੂੰ ਸਸਤਾ ਤੇਲ ਮਿਲਣ ਕਾਰਨ ਉਸ ਕੋਲ ਖਰਚ ਕਰਨ ਕਰਨ ਲਈ ਵਧੇਰੇ ਪੈਸਾ ਬਚੇਗਾ। ਤੇਲ ਤੇ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਘਟਣ ਦੀ ਉਮੀਦ ਹੈ, ਜਿਸ ਨਾਲ ਸਰਕਾਰੀ ਖ਼ਰਚੇ ਘੱਟ ਹੋਣਗੇ। ਸਰਕਾਰ ਆਪਣਾ ਮਾਲੀਆ ਵਧਾਉਣ ਲਈ ਟੈਕਸ ਵਧਾ ਸਕਦੀ ਹੈ। ਐਲ.ਐਨ.ਜੀ. ਟਰਮੀਨਲ ਸੰਚਾਲਕ ਇਸ ਮੌਕੇ ਤੇ ਸਸਤੀ ਗੈਸ ਦਾ ਭੰਡਾਰ ਕਰ ਸਕਦੇ ਹਨ ਅਤੇ ਬਾਅਦ ਵਿਚ ਵੇਚ ਸਕਦੇ ਹਨ। ਗੈਸ ਦੇ ਸਸਤੇ ਹੋਣ ਕਾਰਨ ਬਾਜ਼ਾਰਾਂ ਵਿੱਚ ਖਰੀਦਦਾਰਾਂ ਦੀ ਭੀੜ ਵੱਧ ਸਕਦੀ ਹੈ।

ਗੌਰਤਲਬ ਹੈ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਸਰਕਾਰ ਨੇ ਦੇਸ਼ ਦੀਆਂ ਸਮੁੰਦਰੀ ਬੰਦਰਗਾਹਾਂ 'ਤੇ ਤੇਲ ਅਤੇ ਗੈਸ ਕਾਰਗੋ ਦੀ ਆਵਾਜਾਈ 'ਤੇ ਰੋਕ ਲਗਾਉਂਦੇ ਹੋਇਆਂ ਸਖ਼ਤ ਕਦਮ ਚੁੱਕੇ ਹਨ, ਪਰ ਬੰਦਰਗਾਹਾਂ ਦੇ ਅਧਿਕਾਰੀਆਂ ਨੂੰ ਕੋਵਿਡ-19 ਮਹਾਂਮਾਰੀ ਸੰਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਤਹਿਤ ਮਿਲੀ ਮਨਜ਼ੂਰੀ ਤੋਂ ਬਾਅਦ, ਲੋੜੀਂਦੀਆਂ ਵਸਤਾਂ ਦੀ ਸ਼੍ਰੇਣੀ ਵਿਚ ਆਉਣ ਵਾਲੇ ਮਾਲ-ਵਾਹਕ ਸਮੁੰਦਰੀ ਜਹਾਜ਼ਾਂ ਨੂੰ ਆਗਿਆ ਦੇ ਦਿੱਤੀ ਹੈ। ਇਸ ਸਭ ਦੇ ਮੱਦੇਨਜ਼ਰ ਨਜ਼ਦੀਕੀ ਭਵਿੱਖ ਵਿਚ ਪੈਟਰੋਲ, ਡੀਜ਼ਲ ਅਤੇ ਜੈੱਟ ਈਂਧਨ ਦੇ ਭਾਅ ਵਿਚ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ 2020-21 ਦੇ ਸਾਲਾਨਾ ਖਪਤ ਦੇ ਅੰਕੜਿਆਂ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।

ਸਕ੍ਰਿਪਟ: ਡਾ. ਜਿਤੇਂਦਰ ਚੀਮਾ, ਪੈਟਰੋਲੀਅਮ ਉਦਯੋਗ ਦੇ ਮਾਹਿਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ