ਮਾਲਦੀਵ ਨੂੰ ਭਾਰਤ ਦੀ ਸਹਾਇਤਾ: ਮਹਾਮਾਰੀ ਦੇ ਵਿਚਕਾਰ ਵੱਡੀ ਰਾਹਤ
ਦੁਨੀਆ ਭਰ ਵਿੱਚ ਫੈਲੀ ਮਹਾਮਾਰੀ ਦੇ ਵਿਚਕਾਰ ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਨੂੰ ਉਨ੍ਹਾਂ ਦੀਆਂ ਖਾਸ ਸਮਾਜਿਕ-ਆਰਥਿਕ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਜਾਰੀ ਰੱਖੀ ਹੈ। ਭਾਰਤ ਨੇ ਇਸ ਹਫ਼ਤੇ ਮਾਲਦੀਵ ਦੇ 61 ਟਾਪੂਆਂ ਲਈ ਬਾਹਰੀ ਤੰਦਰੁਸਤੀ ਉਪਕਰਣ ਪ੍ਰਦਾਨ ਕੀਤੇ ਹਨ। ਮੁਹੱਈਆ ਕਰਵਾਏ ਗਏ ਉਪਕਰਣ ਮਾਰਚ, 2019 ਵਿੱਚ ਰਾਸ਼ਟਰਪਤੀ ਮੁਹੰਮਦ ਇਬਰਾਹਿਮ ਸੋਲੇਹ ਦੀ ਭਾਰਤ ਫੇਰੀ ਦੌਰਾਨ ਐਲਾਨ ਕੀਤੇ ਗਏ ਮਾਲਦੀਵ ਵਿਚਲੇ ਵਿਕਾਸ ਪ੍ਰੋਜੈਕਟਾਂ ਲਈ ਭਾਰਤ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ ਦਾ ਹਿੱਸਾ ਹਨ। ਗੌਰਤਲਬ ਹੈ ਕਿ ਭਾਰਤ ਨੇ ਮਾਲਦੀਵ ਵਿੱਚ ਸਥਾਨਕ ਸੰਸਥਾਵਾਂ ਰਾਹੀਂ ਉੱਚ ਪ੍ਰਭਾਵ ਵਾਲੇ ਸਮੁਦਾਇਕ ਵਿਕਾਸ ਕਾਰਜਾਂ ਦੇ ਲਈ 5.5 ਮਿਲੀਅਨ ਅਮਰੀਕੀ ਡਾਲਰ ਅਤੇ ਸਮਾਜਿਕ-ਆਰਥਿਕ ਵਿਕਾਸ ਪ੍ਰੋਜੈਕਟਾਂ ਦੇ ਲਈ 6.9 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ’ਤੇ ਸਹਿਮਤੀ ਦਿੱਤੀ ਹੈ।
ਇਸ ਮੌਕੇ ਬੋਲਦਿਆਂ ਮਾਲਦੀਵ ਦੀ ਸੰਸਦ ਦੇ ਸਪੀਕਰ ਮੁਹੰਮਦ ਨਸ਼ੀਦ ਨੇ ਭਾਰਤ ਨਾਲ ਮਾਲਦੀਵ ਦੇ ਸੰਬੰਧਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਾਲਦੀਵ ਭਾਰਤ ਨਾਲ ਨਜ਼ਦੀਕੀ ਸੰਬੰਧਾਂ ਤੋਂ ਬਿਨਾਂ ਨਾ ਤਾਂ ਅੱਗੇ ਵੱਧ ਸਕਦਾ ਹੈ ਤੇ ਨਾ ਹੀ ਵਿਕਾਸ ਕਰ ਸਕਦਾ ਹੈ। ਉਨ੍ਹਾਂ ਨੇ ਹੋਰਨਾਂ ਨੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਰਤ ਵਰਗੇ ਨੇੜਲੇ ਸਹਿਯੋਗੀਆਂ ਅਤੇ ਗੁਆਂਢੀਆਂ ਨਾਲ ਕਿਸੇ ਵੀ ਮਸਲੇ ‘ਤੇ ਸਮਝਦਾਰੀ ਨਾਲ ਫੈਸਲਾ ਕਰਨ। ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਕਿਹਾ ਕਿ ਭਾਰਤ ਦੀ ਮਦਦ ਨਾਲ ਸ਼ੁਰੂ ਹੋਣ ਵਾਲੇ ਇਹ ਪ੍ਰੋਜੈਕਟ ਟਾਪੂਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਕਾਫੀ ਲਾਹੇਵੰਦ ਸਿੱਧ ਹੋਣਗੇ। ਇਸ ਤੋਂ ਇਲਾਵਾ ਭਾਰਤ ਚਾਰ ਮਹੀਨਿਆਂ ਦੇ ਸਮੇਂ ਵਿੱਚ ਮਾਲਦੀਵ ਦੇ 68 ਟਾਪੂਆਂ ਵਿੱਚ ਬੱਚਿਆਂ ਦੇ ਪਾਰਕਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਗੌਰਤਲਬ ਹੈ ਕਿ ਸਮਾਜਕ-ਆਰਥਿਕ ਵਿਕਾਸ, ਰਾਸ਼ਟਰਪਤੀ ਮੁਹੰਮਦ ਇਬਰਾਹਿਮ ਸੋਲੇਹ ਦੀ ਸਰਕਾਰ ਦਾ ਇਕ ਮਹੱਤਵਪੂਰਨ ਚੋਣ ਵਾਅਦਾ ਰਿਹਾ ਹੈ ਅਤੇ ਭਾਰਤ ਦੀ ਸਹਾਇਤਾ ਨਾਲ ਇਸ ਦਿਸ਼ਾ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਵੰਬਰ 2018 ਵਿੱਚ ਮਾਲਦੀਵ ਵਿੱਚ ਸਰਕਾਰ ਬਦਲਣ ਤੋਂ ਬਾਅਦ ਭਾਰਤ ਅਤੇ ਮਾਲਦੀਵ ਵਿਚਾਲੇ ਦੁਵੱਲੇ ਸੰਬੰਧਾਂ ਵਿੱਚ ਇਕ ਤਬਦੀਲੀ ਨਜ਼ਰ ਆ ਰਹੀ ਹੈ। ਉੱਚ ਪੱਧਰੀ ਮੁਲਾਕਾਤਾਂ ਨੇ ਦੁਵੱਲੇ ਸਬੰਧਾਂ ਨੂੰ ਫਿਰ ਤੋਂ ਮਜ਼ਬੂਤ ਕਰਨ ਵਿੱਚ ਸਹਾਇਤਾ ਕੀਤੀ ਹੈ। ਭਾਰਤ ਨੇ ਹਾਲੀਆ ਸਮੇਂ ਵਿੱਚ 1.4 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਅਤੇ 800 ਮਿਲੀਅਨ ਡਾਲਰ ਦੇ ਕ੍ਰੈਡਿਟ ਤਹਿਤ ਵਿਕਾਸ ਕਾਰਜਾਂ ਦੀ ਨਵੀਂ ਰੂਪ-ਰੇਖਾ ਵੀ ਉਲੀਕੀ ਹੈ। ਇਸ ਤਰ੍ਹਾਂ ਹਾਲ ਦੇ ਸਾਲਾਂ ਵਿੱਚ ਦੋਹਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਵਿੱਚ ਵਧੇਰੇ ਤਰੱਕੀ ਹੋਈ ਹੈ। ਵਿਸ਼ਵ-ਪੱਧਰੀ ਮਹਾਮਾਰੀ ਦੇ ਵਿਚਕਾਰ ਇਨ੍ਹਾਂ ਸਹਿਮਤੀ ਵਾਲੇ ਪ੍ਰੋਜੈਕਟਾਂ ਨੂੰ ਲਾਗੂ ਕਰਨਾ ਦੋਵਾਂ ਦੇਸ਼ਾਂ ਦਰਮਿਆਨ ਡੂੰਘੇ ਸੰਬੰਧਾਂ ਨੂੰ ਵੀ ਦਰਸਾਉਂਦਾ ਹੈ।
ਮਾਲਦੀਵ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਕਾਬੂ ਕਰਨ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਮਾਲਦੀਵ ਵਿੱਚ 2,800 ਤੋਂ ਵੱਧ ਸੰਕ੍ਰਮਿਤ ਮਾਮਲੇ ਸਾਹਮਣੇ ਆਏ ਹਨ। ਮਾਲਦੀਵ ਦੇ ਲਗਭਗ 1000 ਟਾਪੂਆਂ, ਜੋ ਕਿ ਹਿੰਦ ਮਹਾਸਾਗਰ ਵਿੱਚ ਫੈਲੇ ਹੋਏ ਹਨ, ਵਿੱਚ ਲੋਕਾਂ ਤੱਕ ਪਹੁੰਚਣਾ ਇਕ ਮੁਸ਼ਕਲ ਕੰਮ ਹੈ ਅਤੇ ਮਾਲਦੀਵ ਦੀ ਸਰਕਾਰ ਨੇ ਸਿਹਤ ਸੰਕਟ ਨੂੰ ਹੱਲ ਕਰਨ ਲਈ ਸਰਕਾਰੀ ਅਤੇ ਸਮਾਜਕ ਪੱਧਰ 'ਤੇ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਹਨ। ਟਾਪੂਆਂ ਦੀ ਆਮਦਨੀ ਦਾ ਮੁੱਖ ਸਰੋਤ ਸੈਲਾਨੀਆਂ ਤੋਂ ਕੀਤੀ ਜਾਣ ਵਾਲੀ ਕਮਾਈ ਹੀ ਹੈ।
ਮਾਲਦੀਵ ਵਿੱਚ ਜਦੋਂ ਵੀ ਕੁਦਰਤੀ ਕਹਿਰ ਟੁੱਟਿਆ ਹੈ ਤਾਂ ਭਾਰਤ ਹਮੇਸ਼ਾ ਹੀ ਸਭ ਤੋਂ ਪਹਿਲਾਂ ਉਸ ਦੀ ਮਦਦ ਲਈ ਅੱਗੇ ਆਇਆ ਹੈ। ਜਨਵਰੀ 2020 ਵਿੱਚ ਭਾਰਤ ਨੇ ਸੰਕਟਕਾਲ ਦੇ ਆਧਾਰ ਤੇ ਮਾਲਦੀਵ ਨੂੰ ਖਸਰਾ ਟੀਕੇ ਦੀਆਂ 30,000 ਖੁਰਾਕਾਂ ਪ੍ਰਦਾਨ ਕੀਤੀਆਂ ਸਨ। ਕੋਵਿਡ-19 ਦੇ ਫੈਲਣ ਤੋਂ ਬਾਅਦ ਭਾਰਤ ਨੇ ਮਈ 2020 ਵਿੱਚ ਮਾਲਦੀਵ ਨੂੰ ਮਿਸ਼ਨ ਸਾਗਰ ਦੇ ਤਹਿਤ ਡਾਕਟਰੀ ਸਹਾਇਤਾ ਅਤੇ 600 ਟਨ ਅਨਾਜ ਦੀ ਸਪਲਾਈ ਕੀਤੀ ਸੀ। ਮਾਲਦੀਵ ਨੇ ਖਿੱਤੇ ਵਿੱਚ ਫੈਲੀ ਮਹਾਮਾਰੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਨੇਤਾਵਾਂ ਦੀ ਮੀਟਿੰਗ ਵਿੱਚ ਹਿੱਸਾ ਵੀ ਲਿਆ ਸੀ।
ਰਾਸ਼ਟਰਪਤੀ ਸੋਲੇਹ ਨੇ ਸੈਰ-ਸਪਾਟਾ ਅਤੇ ਨਿਰਯਾਤ 'ਤੇ ਨਿਰਭਰਤਾ ਦੇ ਕਾਰਨ ਟਾਪੂ ਦੇਸ਼ ਤੇ ਪੈਣ ਵਾਲੇ ਆਰਥਿਕ ਪ੍ਰਭਾਵਾਂ ਨੂੰ ਉਜਾਗਰ ਕੀਤਾ। ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਨੇ ਅੰਦਾਜ਼ਾ ਲਾਇਆ ਹੈ ਕਿ 2020 ਵਿੱਚ ਵਿਸ਼ਵ-ਪੱਧਰੀ ਵਪਾਰ ਦੇ 13 ਫੀਸਦੀ ਤੋਂ 32 ਫੀਸਦੀ ਦੇ ਵਿਚਕਾਰ ਘੱਟਣ ਦੇ ਅੰਦੇਸ਼ਾ ਹੈ। ਮਾਲਦੀਵ ਦੀ ਆਰਥਿਕਤਾ ਇਸ ਘਾਟੇ ਨੂੰ ਸਹਿਣ ਦੇ ਕਾਬਿਲ ਨਹੀਂ ਹੈ। ਇਸ ਲਈ ਅੰਤਰਰਾਸ਼ਟਰੀ ਨਿਗਰਾਨੀ ਫੰਡ (ਆਈ.ਐੱਮ.ਐੱਫ.) ਨੇ ਅਦਾਇਗੀ ਅਤੇ ਵਿੱਤੀ ਜ਼ਰੂਰਤਾਂ ਦੇ ਸੰਤੁਲਨ ਨੂੰ ਪੂਰਾ ਕਰਨ ਲਈ ਰੈਪਿਡ ਕ੍ਰੈਡਿਟ ਸਹੂਲਤ (ਆਰ.ਸੀ.ਐੱਫ.) ਦੇ ਤਹਿਤ 28.9 ਮਿਲੀਅਨ ਅਮਰੀਕੀ ਡਾਲਰ ਦੇ ਫੰਡ ਨੂੰ ਵੰਡਣ ਦੀ ਪ੍ਰਵਾਨਗੀ ਦਿੱਤੀ ਹੈ।
ਅਜਿਹੀਆਂ ਵੀ ਖ਼ਬਰਾਂ ਹਨ ਕਿ ਭਾਰਤ ਨੇ ਮਾਲਦੀਵ ਦੇ ਨਾਲ ਇੱਕ ਹਵਾਈ ਉਡਾਨਾਂ ਦੇ ਲਈ ਇੱਕ ਸਮਝੌਤਾ ਕੀਤਾ ਹੈ ਜੋ ਮਾਲਦੀਵ ਨੂੰ ਸੈਰ-ਸਪਾਟੇ ਤੋਂ ਹੋਣ ਵਾਲੀ ਕਮਾਈ ਵਿੱਚ ਸਹਾਇਤਾ ਕਰ ਸਕਦਾ ਹੈ। ਮਾਲਦੀਵ ਇਸ ਵਿਸ਼ਵ-ਪੱਧਰੀ ਮਹਾਮਾਰੀ ਦੇ ਆਪਣੀ ਆਰਥਿਕਤਾ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਵਿਦੇਸ਼ੀ ਨੀਤੀ ਨੂੰ ਦੁਬਾਰਾ ਬਣਾਉਣ ਦੀ ਰਣਨੀਤੀ 'ਤੇ ਵੀ ਵਿਚਾਰ ਕਰ ਰਿਹਾ ਹੈ। ਇਸ ਨਾਲ ਵਪਾਰ ਅਤੇ ਨਿਵੇਸ਼ ਵਧਾਉਣ ਦੇ ਢੰਗਾਂ ਵੱਲ ਧਿਆਨ ਦਿੱਤਾ ਜਾਵੇਗਾ। ਭਾਰਤ, ਇਸ ਟਾਪੂ ਦੇਸ਼ ਵਿੱਚ ਸਹਿਮਤੀ ਵਾਲੇ ਪ੍ਰੋਜੈਕਟਾਂ ਨੂੰ ਛੇਤੀ ਸ਼ੁਰੂ ਕਰਕੇ ਉਥੋਂ ਦੇ ਵਸਨੀਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਵਿੱਚ ਮਦਦ ਕਰੇਗਾ। ਵਿਸ਼ਵ-ਪੱਧਰੀ ਮਹਾਮਾਰੀ, ਵੱਡੀਆਂ ਸ਼ਕਤੀਆਂ ਵਿਚਾਲੇ ਟਕਰਾਅ ਅਤੇ ਭਾਰਤ ਤੇ ਚੀਨ ਵਿਚਾਲੇ ਦੁਵੱਲੇ ਤਣਾਅ ਹੋਰ ਕਾਰਕ ਹਨ ਜੋ ਭਾਰਤ ਅਤੇ ਮਾਲਦੀਵ ਵਿਚਾਲੇ ਸਾਂਝੇਦਾਰੀ ਨੂੰ ਨਿਰਧਾਰਤ ਕਰ ਸਕਦੇ ਹਨ।
ਸਕ੍ਰਿਪਟ: ਡਾ. ਐੱਮ. ਸਮਾਥਾ, ਹਿੰਦ ਮਹਾਸਾਗਰੀ ਖਿੱਤੇ ਦੇ ਰਣਨੀਤਕ ਵਿਸ਼ਲੇਸ਼ਕ
Comments
Post a Comment