ਭਾਰਤ-ਉਜ਼ਬੇਕਿਸਤਾਨ ਦੇ ਰਿਸ਼ਤੇ ਗਤੀਸ਼ੀਲ ਢੰਗ ਨਾਲ ਵੱਧ ਰਹੇ ਹਨ
ਆਰਥਿਕ ਸਾਂਝੇਦਾਰੀ ਨੂੰ ਵਧਾਉਣ ਅਤੇ ਦੁ-ਪੱਖੀ ਸੰਬੰਧਾਂ ਨੂੰ ਹੋਰ ਉਤਸ਼ਾਹਿਤ ਕਰਨ ਦੇ ਇੱਕ ਕਦਮ ਵਜੋਂ ਭਾਰਤ ਅਤੇ ਉਜ਼ਬੇਕਿਸਤਾਨ ਨੇ ਇਸ ਹਫ਼ਤੇ ਰਾਸ਼ਟਰੀ ਤਾਲਮੇਲ ਕਮੇਟੀ ਦੀ ਪਹਿਲੀ ਬੈਠਕ ਕੀਤੀ। ਇਸ ਬੈਠਕ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਵਾਲੇ ਸਾਂਝੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਦੀ ਨਿਗਰਾਨੀ ਕਰਨਾ ਹੈ। ਇਸ ਬੈਠਕ ਦੀ ਪ੍ਰਧਾਨਗੀ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਅਤੇ ਉਜ਼ਬੇਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਨਿਵੇਸ਼ ਤੇ ਵਿਦੇਸ਼ੀ ਵਪਾਰ ਮੰਤਰੀ ਸਰਦੋਰ ਉਮੁਰਜਾਕੋਵ ਨੇ ਕੀਤੀ। ਮੌਜੂਦਾ ਸਿਹਤ ਅਤੇ ਯਾਤਰਾ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਇਹ ਬੈਠਕ ਆਨਲਾਈਨ ਫਾਰਮੇਟ ਦੇ ਅੰਤਰਗਤ ਕੀਤੀ ਗਈ ਸੀ।
ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਮੁਤਾਬਿਕ ਦੋਵਾਂ ਧਿਰਾਂ ਨੇ ਵਪਾਰ ਅਤੇ ਆਰਥਿਕਤਾ ਦੇ ਖੇਤਰ ਵਿੱਚ ਦੁ-ਪੱਖੀ ਗਤੀਵਿਧੀਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਦੁਵੱਲੀ ਨਿਵੇਸ਼ ਸੰਧੀ, ਤਰਜੀਹੀ ਵਪਾਰ ਸਮਝੌਤੇ, ਖੇਤੀਬਾੜੀ ਉਤਪਾਦਾਂ ਲਈ ਆਪਸੀ ਮਾਰਕੀਟ ਦੀ ਪਹੁੰਚ ਦੇ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਸ਼ੁਰੂ ਕੀਤੇ ਪ੍ਰੋਜੈਕਟਾਂ ਨੂੰ ਲਾਗੂ ਕਰਨ, ਭਾਰਤ ਵਿੱਚ ਗੁਜਰਾਤ ਰਾਜ ਅਤੇ ਉਜ਼ਬੇਕਿਸਤਾਨ ਦੇ ਅੰਦੀਜਾਨ ਖੇਤਰ ਵਿਚਾਲੇ ਸਹਿਯੋਗ ਅਤੇ ਤਾਸ਼ਕੰਦ ਵਿਖੇ ਭਾਰਤ-ਉਜ਼ਬੇਕਿਸਤਾਨ ਉੱਦਮਤਾ ਵਿਕਾਸ ਕੇਂਦਰ ਬਾਰੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ ਅਤੇ ਉਮੀਦ ਕੀਤੀ ਕਿ ਪ੍ਰੋਜੈਕਟਾਂ ਦੇ ਤੇਜ਼ੀ ਨਾਲ ਮੁਕੰਮਲ ਹੋਣ ਨਾਲ ਦੁ-ਪੱਖੀ ਵਪਾਰ ਨੂੰ ਹੋਰ ਮਜ਼ਬੂਤ ਹੋਵੇਗਾ।
ਮੱਧ ਏਸ਼ੀਆ ਭਾਰਤ ਦੇ ਗੁਆਂਢ ਵਿੱਚ ਹੈ ਅਤੇ ਆਪਣੇ ਭੂਗੋਲਿਕ ਸਥਾਨ ਅਤੇ ਜਨ-ਸੰਖਿਆ ਦੇ ਕਾਰਨ ਇਸ ਖੇਤਰ ਵਿੱਚ ਉਜ਼ਬੇਕਿਸਤਾਨ ਦੀ ਇਕ ਪ੍ਰਮੁੱਖ ਸਥਿਤੀ ਹੈ। 32 ਮਿਲੀਅਨ ਲੋਕਾਂ ਦੇ ਨਾਲ ਇਸ ਖੇਤਰ ਦੀ ਕੁੱਲ ਆਬਾਦੀ ਦਾ ਅੱਧਾ ਹਿੱਸਾ ਇੱਥੇ ਹੀ ਵੱਸਦਾ ਹੈ। ਭਾਰਤ ਅਤੇ ਉਜ਼ਬੇਕਿਸਤਾਨ ਦੇ ਸੰਬੰਧਾਂ ਦਾ ਬਹੁਤ ਲੰਮਾ ਇਤਿਹਾਸ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਸਭਿਆਚਾਰਕ ਗੁਣਾਂ ਨੂੰ ਸਾਂਝਾ ਕਰਦਾ ਹੈ। ਦੋਵੇਂ ਦੇਸ਼ ਰਣਨੀਤਕ ਭਾਈਵਾਲ ਹਨ ਅਤੇ ਹਾਲ ਹੀ ਦੇ ਸਾਲਾਂ ਵਿੱਚ ਇਨ੍ਹਾਂ ਦੇ ਸੰਬੰਧ ਗਤੀਸ਼ੀਲ ਢੰਗ ਨਾਲ ਵੱਧ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 ਅਤੇ 2016 ਵਿੱਚ ਉਜ਼ਬੇਕਿਸਤਾਨ ਦੀ ਯਾਤਰਾ ਕੀਤੀ ਸੀ ਜਦੋਂਕਿ ਰਾਸ਼ਟਰਪਤੀ ਸ਼ਵਕਤ ਮਿਰਜ਼ੀਓਏਵ ਅਕਤੂਬਰ 2018 ਅਤੇ ਜਨਵਰੀ 2019 ਵਿੱਚ ਭਾਰਤ ਆਏ ਸਨ।
ਭਾਰਤ ਅਤੇ ਉਜ਼ਬੇਕਿਸਤਾਨ ਦਰਮਿਆਨ ਰੱਖਿਆ ਸਹਿਯੋਗ ਹਾਲ ਹੀ ਵਿੱਚ ਹੋਇਆ ਹੈ। ਨਵੰਬਰ 2019 ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਸੰਯੁਕਤ ਫੀਲਡ ਸਿਖਲਾਈ ਅਭਿਆਸ, ਡਸਟਲਿਕ-2017 ਆਯੋਜਿਤ ਕੀਤਾ। ਇਸ ਦਾ ਉਦਘਾਟਨ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਸੀ, ਜੋ ਕਿ ਪਿਛਲੇ ਡੇਢ ਦਹਾਕਿਆਂ ਦੌਰਾਨ ਕਿਸੇ ਭਾਰਤੀ ਰੱਖਿਆ ਮੰਤਰੀ ਦੁਆਰਾ ਉਜ਼ਬੇਕਿਸਤਾਨ ਦੀ ਪਹਿਲੀ ਫੇਰੀ ‘ਤੇ ਗਏ ਸਨ। ਇਸ ਦੌਰਾਨ ਫੌਜੀ ਸਿਖਲਾਈ ਦੇ ਖੇਤਰ ਵਿੱਚ ਦੁਵੱਲੇ ਦਸਤਾਵੇਜ਼ਾਂ 'ਤੇ ਵੀ ਦਸਤਖਤ ਕੀਤੇ ਗਏ। ਭਾਰਤ ਅਤੇ ਉਜ਼ਬੇਕਿਸਤਾਨ ਦੋਵੇਂ ਸ਼ੰਘਾਈ ਸਹਿਕਾਰਤਾ ਸੰਗਠਨ (ਐੱਸ.ਸੀ.ਓ.) ਦੇ ਮੈਂਬਰ ਹਨ ਅਤੇ ਤਾਸ਼ਕੰਦ ਐੱਸ.ਸੀ.ਓ. ਦੇ ਖੇਤਰੀ ਅੱਤਵਾਦ ਵਿਰੋਧੀ ਢਾਂਚੇ (ਆਰ.ਏ.ਟੀ.ਐੱਸ.) ਦਾ ਮੁੱਖ ਦਫ਼ਤਰ ਹੈ।
ਦੁਵੱਲੇ ਪੱਧਰ 'ਤੇ ਸੰਯੁਕਤ ਸਿਆਸੀ ਸੰਬੰਧਾਂ ਅਤੇ ਵੱਧ ਰਹੇ ਰੱਖਿਆ ਸਹਿਯੋਗ ਨੂੰ ਆਰਥਿਕ ਰੁਝੇਵਿਆਂ ਨਾਲ ਮੇਲਣਾ ਪਵੇਗਾ। ਖਿੱਤੇ ਤੱਕ ਸਿੱਧੀ ਜ਼ਮੀਨੀ ਪਹੁੰਚ ਦੀ ਅਣਹੋਂਦ ਵਪਾਰ ਵਿੱਚ ਇੱਕ ਵੱਡਾ ਅੜਿੱਕਾ ਹੈ। ਭਾਰਤ ਇਕ ਵੱਡੀ ਆਰਥਿਕਤਾ ਹੈ ਅਤੇ ਇਸ ਨੂੰ ਸੁਰੱਖਿਅਤ ਊਰਜਾ ਦੇ ਸਰੋਤਾਂ ਦੀ ਸਪਲਾਈ ਦੀ ਲੋੜ ਹੈ, ਜੋ ਕਿ ਕੇਂਦਰੀ ਏਸ਼ੀਆ ਅਤੇ ਖਾਸ ਕਰਕੇ ਉਜ਼ਬੇਕਿਸਤਾਨ ਵਿੱਚ ਕਾਫ਼ੀ ਮਾਤਰਾ ਵਿਚ ਉਪਲਬਧ ਹਨ। ਦੂਜੇ ਪਾਸੇ ਤਾਸ਼ਕੰਦ ਭਾਰਤ ਨੂੰ ਵਪਾਰ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਸੰਭਾਵਿਤ ਨਿਵੇਸ਼ਕ ਅਤੇ ਭਾਗੀਦਾਰ ਵਜੋਂ ਦੇਖਦਾ ਹੈ। ਦੋਵੇਂ ਦੇਸ਼ ਬੈਂਕਿੰਗ, ਸੂਚਨਾ ਤਕਨਾਲੋਜੀ, ਆਟੋਮੋਬਾਈਲ, ਫਾਰਮਾਸਿਊਟੀਕਲ ਅਤੇ ਰਸਾਇਣਕ ਖੇਤਰਾਂ ਵਿੱਚ ਸਹਿਯੋਗ ਵਧਾ ਸਕਦੇ ਹਨ। ਹਾਲਾਂਕਿ ਦੁਵੱਲੇ ਵਪਾਰ ਵਿੱਚ ਹਾਲ ਦੇ ਸਾਲਾਂ ਵਿੱਚ ਵਾਧਾ ਹੋ ਰਿਹਾ ਸੀ ਪਰ ਕੋਵਿਡ-19 ਨੇ ਅੰਤਰਰਾਸ਼ਟਰੀ ਆਰਥਿਕ ਢਾਂਚੇ ਨੂੰ ਭਾਰੀ ਸੱਟ ਮਾਰੀ ਹੈ। ਭਾਰਤ ਅਤੇ ਉਜ਼ਬੇਕਿਸਤਾਨ ਆਪੋ-ਆਪਣੇ ਦੇਸ਼ਾਂ ਵਿੱਚ ਮਹਾਮਾਰੀ ਤੇ ਕਾਬੂ ਪਾਉਣ ਵਿੱਚ ਵੱਡੇ ਪੱਧਰ 'ਤੇ ਸਫ਼ਲ ਹੋਏ ਹਨ। ਅਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਨੇ ਉਜ਼ਬੇਕਿਸਤਾਨ ਨੂੰ ਮਾਨਵਤਾਵਾਦੀ ਸਹਾਇਤਾ ਦੇ ਨਜ਼ਰੀਏ ਤੋਂ ਡਾਕਟਰੀ ਵਸਤਾਂ ਵੀ ਮੁਹੱਈਆ ਕਰਵਾਈਆਂ ਹਨ।
ਗੌਰਤਲਬ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਵੱਧ ਰਹੀ ਸਾਂਝੇਦਾਰੀ ਇਨ੍ਹਾਂ ਨੂੰ ਅਫ਼ਗਾਨਿਸਤਾਨ ਵਿੱਚ ਪੱਸਰੀ ਅਸਥਿਰਤਾ ਅਤੇ ਦੱਖਣੀ ਏਸ਼ੀਆ ਅਤੇ ਮੱਧ ਏਸ਼ੀਆ ਦਰਮਿਆਨ ਸਿੱਧੇ ਸੰਪਰਕ ਦੀ ਘਾਟ ਸਮੇਤ ਪ੍ਰਮੁੱਖ ਮੁੱਦਿਆਂ ਦੇ ਹੱਲ ਲੱਭਣ ਵਿੱਚ ਸਹਿਯੋਗ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਜ਼ਬੇਕਿਸਤਾਨ, ਅਫ਼ਗਾਨਿਸਤਾਨ ਵਿੱਚ ਸ਼ਾਂਤੀ ਲਿਆਉਣ ਵਿੱਚ ਇਕ ਸਰਗਰਮ ਹਿੱਸੇਦਾਰ ਬਣ ਗਿਆ ਹੈ। ਇਹ ਮਜ਼ਾਰ-ਏ-ਸ਼ਰੀਫ ਤੋਂ ਹੇਰਾਤ ਤੱਕ ਇਕ ਰੇਲਵੇ ਲਾਈਨ ਦਾ ਨਿਰਮਾਣ ਕਰ ਰਿਹਾ ਹੈ, ਜਿਸ ਨਾਲ ਦੱਖਣੀ ਏਸ਼ੀਆ-ਕੇਂਦਰੀ ਏਸ਼ੀਆ ਵਪਾਰ ਅਫ਼ਗਾਨਿਸਤਾਨ ਦੁਆਰਾ ਸੰਭਵ ਹੋ ਸਕੇਗਾ। ਭਾਰਤ ਅਸ਼ਗਾਬਟ ਟ੍ਰਾਂਜ਼ਿਟ ਲਾਂਘੇ ਵਿਚ ਸ਼ਾਮਿਲ ਹੋ ਗਿਆ ਹੈ ਅਤੇ ਉਹ ਇਰਾਨ ਵਿੱਚ ਚਾਬਹਾਰ ਬੰਦਰਗਾਹ ਵਿੱਚ ਨਿਵੇਸ਼ ਕਰ ਰਿਹਾ ਹੈ। ਚਾਬਹਾਰ ਬੰਦਰਗਾਹ ਦੇ ਸੰਚਾਲਨ ਅਤੇ ਅੰਤਰਰਾਸ਼ਟਰੀ ਉੱਤਰ-ਦੱਖਣੀ ਆਵਾਜਾਈ ਕੋਰੀਡੋਰ (ਆਈ.ਐੱਨ.ਐੱਸ.ਟੀ.ਸੀ.) ਦੇ ਮੁਕੰਮਲ ਹੋਣ ਨਾਲ ਵਪਾਰ ਅਤੇ ਆਰਥਿਕ ਸਾਂਝੇਦਾਰੀ ਵਿੱਚ ਵਾਧਾ ਹੋਣਾ ਤੈਅ ਹੈ। ਆਪਸੀ ਸੰਪਰਕ ਨੂੰ ਵਧਾਉਣ ਲਈ ਭਾਰਤ ਅਤੇ ਉਜ਼ਬੇਕਿਸਤਾਨ ਦੁਆਰਾ ਕੀਤੇ ਜਾ ਰਹੇ ਸਾਂਝੇ ਯਤਨਾਂ ਦਾ ਆਪਸੀ ਵਪਾਰ 'ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਪੂਰੀ ਉਮੀਦ ਹੈ।
ਸਕ੍ਰਿਪਟ: ਡਾ. ਅਤਹਰ ਜ਼ਫਰ, ਸੀ.ਆਈ.ਐੱਸ. ਵਿੱਚ ਰਣਨੀਤਕ ਵਿਸ਼ਲੇਸ਼ਕ
Comments
Post a Comment