ਅਫ਼ਗਾਨਿਸਤਾਨ ਦੀ ਪੁਨਰ-ਉਸਾਰੀ ਦੀ ਪ੍ਰਕਿਰਿਆ ਵਿੱਚ ਭਾਰਤ ਦੀ ਮੁੱਖ ਭੂਮਿਕਾ

ਦੋਹਾ ਵਿੱਚ ਅਫ਼ਗਾਨ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਮੁੱਲਾ ਅਬਦੁਲ ਗਨੀ ਬਰਾਦਰ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਇਸ ਹਫ਼ਤੇ ਪਾਕਿਸਤਾਨ ਆਇਆ, ਜਿਸ ਨੇ ਪਾਕਿਸਤਾਨ ਦੇ ਆਗੂਆਂ ਨਾਲ ਅਫ਼ਗਾਨ ਸ਼ਾਂਤੀ ਪ੍ਰਕਿਰਿਆ ਵਿੱਚ ਅੱਗੇ ਵਧਣ ਦੇ ਰਾਹ ਬਾਰੇ ਵਿਚਾਰ-ਵਟਾਂਦਰਾ ਕੀਤਾ। ਗੌਰਤਲਬ ਹੈ ਕਿ ਪਿਛਲੇ 10 ਮਹੀਨਿਆਂ ਦੌਰਾਨ ਇਹ ਮੁੱਲਾ ਬਰਾਦਰ ਦੀ ਪਾਕਿਸਤਾਨ ਦੀ ਦੂਜੀ ਫੇਰੀ ਸੀ। ਰਾਸ਼ਟਰਪਤੀ ਡੋਨਲਡ ਟਰੰਪ ਨੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੀ ਅਗਵਾਈ ਵਾਲੀ ਫੌਜ ਖਿਲਾਫ਼ ਅੱਤਵਾਦੀ ਗੁੱਟਾਂ ਦੇ ਲਗਾਤਾਰ ਹਮਲਿਆਂ ਦਾ ਹਵਾਲਾ ਦਿੰਦੇ ਹੋਇਆਂ ਜਦੋਂ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਨੂੰ ਅਚਾਨਕ ਬੰਦ ਕਰ ਦਿੱਤਾ ਸੀ, ਤਾਂ ਉਸ ਤੋਂ ਤੁਰੰਤ ਬਾਅਦ ਅਕਤੂਬਰ 2019 ਵਿੱਚ ਵੀ ਮੁੱਲਾ ਬਰਾਦਰ ਨੇ ਇਸਲਾਮਾਬਾਦ ਦਾ ਦੌਰਾ ਕੀਤਾ ਸੀ। ਇਸਲਾਮਾਬਾਦ ਵਿੱਚ ਹੋਈ ਗੱਲਬਾਤ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਵੀ ਮੌਜੂਦ ਸਨ। ਕਾਬਿਲੇਗੌਰ ਹੈ ਕਿ ਇਹ ਖੁਫੀਆ ਏਜੰਸੀ 1980 ਦੇ ਦਹਾਕੇ ਵਿੱਚ ਸਾਬਕਾ ਸੋਵੀਅਤ ਯੂਨੀਅਨ ਦੇ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਨ ਦੇ ਸਮੇਂ ਤੋਂ, ਅਫ਼ਗਾਨਿਸਤਾਨ ਦੇ ਹਥਿਆਰਬੰਦ ਗੁੱਟਾਂ ਖਾਸ ਤੌਰ ਤੇ ਤਾਲਿਬਾਨ ਨਾਲ ਨੇੜਲੇ ਸੰਬੰਧਾਂ ਲਈ ਜਾਣੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਤਾਲਿਬਾਨ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਉਸ ਨੂੰ ਗੱਲਬਾਤ ਲਈ ਅੱਗੇ ਲਿਆਉਣ ਅਤੇ ਫਰਵਰੀ ਵਿੱਚ ਅਮਰੀਕਾ ਨਾਲ ਹੋਏ ਸਮਝੌਤੇ 'ਤੇ ਦਸਤਖ਼ਤ ਕੀਤੇ ਸਨ।

ਅੰਤਰ-ਅਫ਼ਗਾਨ ਗੱਲਬਾਤ ਤੋਂ ਬਿਲਕੁਲ ਪਹਿਲਾਂ ਤਾਲਿਬਾਨ ਨੇ ਕਿਹਾ ਸੀ ਕਿ ਉਹ ਅਸ਼ਰਫ ਗਨੀ ਦੀ ਸਰਕਾਰ ਨੂੰ ਮਾਨਤਾ ਨਹੀਂ ਦਿੰਦਾ। ਤਾਲਿਬਾਨ ਦਾ ਕਹਿਣਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਸਰਕਾਰ ਨੂੰ ਇੱਕ ਪੱਛਮ ਤੋਂ ਆਯਾਤ ਕੀਤਾ ਢਾਂਚਾ ਮੰਨਦਾ ਹੈ ਜੋ ਅਮਰੀਕੀ ਕਬਜ਼ੇ ਨੂੰ ਬਣਾਈ ਰੱਖਣ ਲਈ ਕੰਮ ਕਰ ਰਿਹਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਤਾਲਿਬਾਨ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਇਸਲਾਮਾਬਾਦ ਦੁਆਰਾ ਅਫ਼ਗਾਨ ਅੱਤਵਾਦੀ ਗੁੱਟ ਨੂੰ 88 ਵਿਅਕਤੀਆਂ ਅਤੇ ਗੁੱਟਾਂ ਦੀ ਸੂਚੀ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਹੋਈ ਹੈ, ਜੋ ਅੱਤਵਾਦੀ ਗਤੀਵਿਧੀਆਂ ਦਾ ਸਮਰਥਨ, ਮਦਦ ਅਤੇ ਮਾਲੀ ਇਮਦਾਦ ਮੁਹੱਈਆ ਕਰਦਾ ਹੈ। ਇਸ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਕਿ ਪਾਕਿਸਤਾਨ ਤਾਲਿਬਾਨ ਨੂੰ ਰਿਮੋਟ ਕੰਟਰੋਲ ਕਰਦਾ ਹੈ। ਹਾਲ ਦੀ ਘੜੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਪਾਕਿਸਤਾਨ ਹੁਣ ਕਿਵੇਂ ਤਾਲਿਬਾਨ ਦੇ ਨਾਲ ਆਪਣੇ ਸੰਬੰਧਾਂ ਨੂੰ ਦਰਸਾਉਂਦਾ ਹੈ।

ਭਾਰਤ ਅਤੇ ਅਫ਼ਗਾਨਿਸਤਾਨ ਵਿਚ ਇਤਿਹਾਸਕ ਅਤੇ ਸਭਿਆਚਾਰਕ ਸੰਬੰਧਾਂ ਦੇ ਅਧਾਰ 'ਤੇ ਇਕ ਮਜ਼ਬੂਤ ਰਿਸ਼ਤਾ ਹੈ। ਅਫ਼ਗਾਨਿਸਤਾਨ ਦੇ ਪੁਨਰ-ਨਿਰਮਾਣ ਅਤੇ ਮੁੜ-ਵਸੇਬੇ ਵਿੱਚ ਭਾਰਤ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਭਾਰਤ ਦਾ ਮੰਨਣਾ ਹੈ ਕਿ ਲੋਕਤੰਤਰ ਅਤੇ ਵਿਕਾਸ ਇਹ ਪ੍ਰਮੁੱਖ ਸਾਧਨ ਹਨ ਜੋ ਕਿ ਅਫ਼ਗਾਨਿਸਤਾਨ ਦੀ ਖੇਤਰੀ ਸਥਿਰਤਾ ਦਾ ਸਰੋਤ ਹਨ। ਇਹ ਅਕਤੂਬਰ 2011 ਵਿੱਚ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਦੀ ਭਾਰਤ ਫੇਰੀ ਦੌਰਾਨ ਅਫ਼ਗਾਨਿਸਤਾਨ ਅਤੇ ਭਾਰਤ ਵਿਚਾਲੇ ਹੋਏ ਰਣਨੀਤਕ ਭਾਈਵਾਲੀ ਸਮਝੌਤੇ ਵਿੱਚ ਪ੍ਰਤੀਬਿੰਬਤ ਹੋਇਆ ਹੈ, ਜਿਸ ਨੇ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ, ਸ਼ਾਨਦਾਰ ਅਤੇ ਬਹੁਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸੇ ਸਮੇਂ ਰਸਮੀ ਤੌਰ ਤੇ ਦੋਵਾਂ ਦੇਸ਼ਾਂ ਵਿਚਾਲੇ ਵੱਖ-ਵੱਖ ਖੇਤਰਾਂ ਵਿਚ ਰਾਜਨੀਤਕ ਅਤੇ ਸੁਰੱਖਿਆ ਸਹਿਯੋਗ, ਵਪਾਰ ਅਤੇ ਆਰਥਿਕ ਸਹਿਯੋਗ, ਸਮਰੱਥਾ ਵਿਕਾਸ ਅਤੇ ਸਿੱਖਿਆ ਅਤੇ ਸਮਾਜਿਕ, ਸਭਿਆਚਾਰਕ, ਸਿਵਲ ਸੁਸਾਇਟੀ ਅਤੇ ਲੋਕਾਂ ਵਿਚਕਾਰ ਆਪਸੀ ਸੰਪਰਕ ਦੇ ਢਾਂਚੇ ਦਾ ਨਿਰਮਾਣ ਹੋਇਆ। ਇਹ ਸਮਝੌਤਾ ਸੁਰੱਖਿਆ ਅਤੇ ਸ਼ਾਸਨ ਤਬਦੀਲੀ ਦੇ ਇਸ ਨਾਜ਼ੁਕ ਸਮੇਂ ਦੌਰਾਨ ਅਫ਼ਗਾਨਿਸਤਾਨ ਵਿੱਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਪ੍ਰਤੀ ਸਾਡੀ ਸਥਾਈ ਪ੍ਰਤੀਬੱਧਤਾ ਦਾ ਇੱਕ ਦ੍ਰਿੜ੍ਹ ਸੰਕੇਤ ਹੈ।

ਭਾਰਤ 2003 ਤੋਂ ਅਫ਼ਗਾਨਿਸਤਾਨ ਦੇ ਪੁਨਰ-ਨਿਰਮਾਣ ਵਿੱਚ ਸ਼ਾਮਿਲ ਰਿਹਾ ਹੈ। ਹੁਣ ਤੱਕ ਭਾਰਤ ਨੇ ਸੜਕਾਂ, ਸਕੂਲ, ਹਸਪਤਾਲਾਂ ਆਦਿ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ 2 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ। ਭਾਰਤ ਨੇ ਅਫ਼ਗਾਨਿਸਤਾਨ ਵਿੱਚ ਹਰੀ ਨਦੀ ਤੇ ਸਭ ਤੋਂ ਵੱਡਾ ਸਲਮਾ ਡੈਮ ਬਣਾਇਆ ਹੈ ਜਿਸ ਨੂੰ ਭਾਰਤ-ਅਫ਼ਗਾਨਿਸਤਾਨ ਫਰੈਂਡਸ਼ਿਪ ਡੈਮ ਵੀ ਕਿਹਾ ਜਾਂਦਾ ਹੈ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਅਸ਼ਰਫ ਘਨੀ ਨੇ ਸਾਂਝੇ ਤੌਰ 'ਤੇ ਕੀਤਾ ਸੀ। ਡੈਮ ਦਾ ਪਣ-ਬਿਜਲੀ ਪਲਾਂਟ 75 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ, ਇਸ ਤੋਂ ਇਲਾਵਾ 75,000 ਹੈਕਟੇਅਰ ਖੇਤੀਯੋਗ ਭੂਮੀ ਲਈ ਸਿੰਜਾਈ ਵੀ ਮੁਹੱਈਆ ਕਰਵਾਉਂਦਾ ਹੈ। ਇਹ 35,000 ਹੈਕਟੇਅਰ ਦੀ ਮੌਜੂਦਾ ਸਿੰਜਾਈ ਵਿਵਸਥਾ ਦੇ ਨਾਲ ਹੀ 40,000 ਹੈਕਟੇਅਰ ਦੇ ਵਾਧੂ ਰਕਬੇ ਵਿੱਚ ਸਿੰਜਾਈ ਸਹੂਲਤਾਂ ਦੇ ਵਿਕਾਸ ਨੂੰ ਵੀ ਯਕੀਨੀ ਬਣਾਉਂਦਾ ਹੈ। ਇਸ ਦੇ ਨਾਲ ਹੀ ਭਾਰਤ ਅਫ਼ਗਾਨ ਲੋਕਾਂ ਦੀ ਵਿਦਿਅਕ ਅਤੇ ਹੁਨਰ ਵਿਕਾਸ ਦੀਆਂ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਹੈ।

ਕਾਬਿਲੇਗੌਰ ਹੈ ਕਿ ਭਾਰਤ, ਅਫ਼ਗਾਨਿਸਤਾਨ ਵਿੱਚ ਹੋਏ ਤਾਜ਼ਾ ਘਟਨਾਕ੍ਰਮ ਨੂੰ ਬੜੀ ਹੀ ਡੂੰਘਿਆਈ ਨਾਲ ਦੇਖ ਰਿਹਾ ਹੈ ਤੇ ਉਸ ਨੇ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਸਮਝੌਤੇ ਦਾ ਸਵਾਗਤ ਕੀਤਾ ਹੈ ਭਾਵੇਂ ਕਿ ਇਸ ਨੂੰ ਲੈ ਕੇ ਭਾਰਤ ਨੇ ਕੁਝ ਸ਼ੰਕਾਵਾਂ ਵੀ ਜਤਾਈਆਂ ਹਨ। ਭਾਰਤ ਨੇ ਗਨੀ ਸਰਕਾਰ ਦੀ ਹਮਾਇਤ ਕੀਤੀ ਹੈ ਅਤੇ ਚਾਹੁੰਦਾ ਹੈ ਕਿ ਤਾਲਿਬਾਨ, ਅਫ਼ਗਾਨਿਸਤਾਨ ਵਿੱਚ ਜਮਹੂਰੀ ਸਿਆਸੀ ਢਾਂਚੇ ਨੂੰ ਮਾਨਤਾ ਦੇਵੇ। ਵਿਸ਼ਵ ਵਿੱਚ ਫੈਲੀ ਇਸ ਮਹਾਮਾਰੀ ਦੌਰਾਨ ਭਾਰਤ, ਅਫ਼ਗਾਨਿਸਤਾਨ ਦੇ ਆਮ ਲੋਕਾਂ ਦੀ ਮਦਦ ਕਰਨ ਦੀ ਆਪਣੀ ਨੀਤੀ ਦੀ ਪਾਲਣਾ ਕਰਦਿਆਂ, ਅਫ਼ਗਾਨਿਸਤਾਨ ਨੂੰ ਲਗਾਤਾਰ ਡਾਕਟਰੀ ਸਹਾਇਤਾ ਅਤੇ ਖਾਧ-ਵਸਤਾਂ ਦੀ ਸਪਲਾਈ ਕਰ ਰਿਹਾ ਹੈ।

ਜਦੋਂ ਪੂਰੀ ਦੁਨੀਆ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿੱਚ ਰੁੱਝੀ ਹੋਈ ਹੈ, ਅਫ਼ਗਾਨਿਸਤਾਨ ਮਹਾਮਾਰੀ ਦੇ ਨਾਲ, ਉਤਰਾਅ ਚੜ੍ਹਾਅ ਵਾਲੀ ਸ਼ਾਂਤੀ ਪ੍ਰਕਿਰਿਆ, ਦੋਵਾਂ ਨਾਲ ਸੰਘਰਸ਼ ਕਰ ਰਿਹਾ ਹੈ। ਹਾਲਾਂਕਿ ਬਹੁਤ ਸਾਰੇ ਅਫ਼ਗਾਨ, ਸ਼ਾਂਤੀ ਦੀ ਕੋਸ਼ਿਸ਼ ਨੂੰ ਤਾਲਿਬਾਨ ਨਾਲ ਦਹਾਕਿਆਂ ਪੁਰਾਣੀ ਲੜਾਈ ਖ਼ਤਮ ਕਰਨ ਦੇ ਸਭ ਤੋਂ ਵਧੀਆ ਮੌਕੇ ਵਜੋਂ ਦੇਖਦੇ ਹਨ। ਫਿਰ ਵੀ ਇਹ ਦੇਖਣਾ ਹਾਲੇ ਬਾਕੀ ਹੈ ਕਿ ਅੱਤਵਾਦੀ ਗੁੱਟ ਸਮਝੌਤੇ ਦੇ ਲਈ ਕਿੰਨੀ ਪ੍ਰਤੀਬੱਧਤਾ ਦਰਸਾਉਂਦੇ ਹਨ, ਖਾਸ ਤੌਰ ਤੇ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ।

ਸਕ੍ਰਿਪਟ: ਡਾ. ਸਮਿਤਾ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਮਾਮਲਿਆਂ ਦੀ ਰਣਨੀਤਕ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ