ਚੀਨ ਦੇ ਗੁਲਾਗ ਕੈਂਪ: ਉਇਗਰ ਜਾਤੀ ਦੇ ਲੋਕਾਂ ਲਈ ਜੇਲ੍ਹਾਂ ਦਾ ਕਰ ਰਹੇ ਹਨ ਕੰਮ

ਨਸਲੀ ਵਿਤਕਰੇ ਦੇ ਖ਼ਾਤਮੇ ਲਈ ਸੰਯੁਕਤ ਰਾਸ਼ਟਰ ਦੀ ਕਮੇਟੀ ਨੇ ਅਗਸਤ 2018 ‘ਚ ਚੀਨ ਦੇ ਸ਼ਿਨਜ਼ਿਆਂਗ ਪ੍ਰਾਤ ‘ਚ ਇੱਕ ਮਿਲੀਅਨ ਤੋਂ ਵੀ ਵੱਧ ਉਇਗਰ ਭਾਈਚਾਰੇ ਦੇ ਲੋਕਾਂ ਨੂੰ ਕੈਦ ਰੱਖਣ ਦੀ ਸਥਿਤੀ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ।ਅੱਜ ਵੀ ਉਇਗਰਾਂ ਦੀ ਸਥਿਤੀ ‘ਚ ਕੋਈ ਸੁਧਾਰ ਵੇਖਣ ਨੂੰ ਨਹੀਂ ਮਿਿਲਆ ਹੈ।ਸਗੋਂ ਦਿਨ ਪ੍ਰਤੀ ਦਿਨ ਉਇਗਰਾਂ ਖ਼ਿਲਾਫ ਤਸ਼ੱਦਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ।
ਬਹੁਤ ਸਾਰੀਆਂ ਰਿਪੋਰਟਾਂ ਜਨਤਕ ਹੋ ਚੁੱਕੀਆਂ ਹਨ ਜਿੰਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਇਗਰ ਲੋਕਾਂ ਦੇ ਧਾਰਮਿਕ ਅਤੇ ਸਭਿਆਚਾਰਕ ਅਧਿਕਾਰਾਂ ਦਾ ਹਨਨ ਲਗਾਤਾਰ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ।ਨਜ਼ਰਬੰਦ ਉਇਗਰਾਂ ਲਈ ਚੀਨ ਦਾ ਏਜੰਡਾ ਬਹੁਤ ਵੱਖਰਾ ਹੈ।ਚੀਨ ਆਪਣੀ ਘੱਟ ਗਿਣਤੀ ਕੌਮ ਨੂੰ ਆਪਣੇ ਹਿੱਤਾਂ ਲਈ ਪ੍ਰਯੋਗ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਸਰੋਤਾਂ ਨੂੰ ਚੀਨ ਆਪਣੇ ਪੁਨਰ ਉਭਾਰ ਅਤੇ ਦੂਜੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਸਤੇਮਾਲ ਕਰ ਰਿਹਾ ਹੈ।ਇਸ ਸਭ ਦੇ ਬਾਵਜੂਦ 1982 ਦੇ ਸੰਵਿਧਾਨ ‘ਚ ਧਰਮ, ਇੱਕਠ, ਭਾਸ਼ਣ ਅਤੇ ਹੋਰਾਂ ਸਬੰਧੀ ਬਣੇ ਅਧਿਕਾਰਾਂ ਨੂੰ ਕੰਨੀ ਕਰਦਿਆਂ ਚੀਨ ਨੇ ਅਮਲੀ ਕਾਰਵਾਈ ਕੁੱਝ ਹੋਰ ਹੀ ਕੀਤੀ ਹੈ।ਚੀਨ ਦੀ ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਨੇੜਿਓਂ ਭਾਂਪਿਆਂ ਜਾ ਰਿਹਾ ਹੈ।
ਚੀਨ ‘ਚ ਚੱਲ ਰਹੇ ਇੰਨ੍ਹਾਂ ਗੁਲਾਗ ਕੈਂਪਾਂ ਦੀ ਸਥਿਤੀ ਦਾ ਪਰਦਾਫਾਸ਼ ਹੋ ਚੁੱਕਿਆ ਹੈ।ਜਨਤਕ ਤੌਰ ‘ਤੇ ਉਪਲਬਧ ਸੈਟੇਲਾਈਟ ਤਸਵੀਰਾਂ, ਸਾਬਕਾ ਕੈਦੀਆਂ ਨਾਲ ਇੰਟਰਵਿਊ ਦੇ ਅਧਾਰ ‘ਤੇ ਰਿਪੋਰਟ ਤਿਆਰ ਕੀਤੀ ਗਈ ਹੈ।ਬੱਜ਼ਫੀਡ ਨਿਊਜ਼ ਨੇ ਪਿਛਲੇ ਕੁੱਝ ਸਾਲਾਂ ਦੌਰਾਨ 260 ਤੋਂ ਵੀ ਵੱਧ ਢਾਂਚਿਆਂ ਦੀ ਉਸਾਰੀ ਦੀ ਜਾਂਚ ਕੀਤੀ ਹੈ, ਜੋ ਕਿ ਮਜ਼ਬੂਤ ਜੇਲ੍ਹਾਂ ਦੀ ਨੁਮਾਇੰਦਗੀ ਕਰਦੀਆਂ ਹਨ।ਸ਼ਿਨਜ਼ਿਆਂਗ ਪ੍ਰਾਂਤ ਦੇ ਹਰ ਸਥਾਨਕ ਖੇਤਰ ‘ਚ ਇੱਕ ਕੈਦੀ ਕੇਂਦਰ ਮੌਜੂਦ ਹੈ।ਚੀਨ ਨੇ ਹਜ਼ਾਰਾਂ ਦੀ ਗਿਣਤੀ ‘ਚ ਉਇਗਰ, ਕਜ਼ਾਖੀਆਂ ਅਤੇ ਹੋਰ ਮੁਸਲਿਮ ਅਤੇ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਨਜ਼ਰਬੰਦ ਕਰਨ ਲਈ ਅਜਿਹੀ ਮਜ਼ਬੂਤ ਪ੍ਰਣਾਲੀ ਦੀ ਸਥਾਪਨਾ ਕੀਤੀ ਹੈ ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਘੱਟ ਗਿਣਤੀ ਲੋਕਾਂ ਨੂੰ ਨਜ਼ਰਬੰਦ ਕਰਨ ਦੀ ਸਭ ਤੋਂ ਵੱਡੀ ਪ੍ਰਣਾਲੀ ਹੈ।ਦੱਸਿਆ ਗਿਆ ਹੈ ਕਿ ਸ਼ਿਨਜ਼ਿਆਂਗ ਦੇ ਵੱਖ-ਵੱਖ ਹਿੱਸਿਆਂ ‘ਚ ਚੱਲ ਰਹੇ ਇਹ ਅਖੌਤੀ ‘ਕਿੱਤਾ ਮੁਖੀ ਸਿਖਲਾਈ ਕੇਂਦਰ’ ਕੈਦਖ਼ਾਨਾ ਹਨ।ਸ਼ਿਨਜ਼ਿਆਂਗ ‘ਚ ਬਣਾਏ ਗਏ ਇਹ ਨਜ਼ਰਬੰਦ ਕੇਂਦਰ ਚੀਨੀ ਕਮਿਉਨਿਸਟ ਪਾਰਟੀ ਦੇ ਸੋਸ਼ਲ ਰੀ-ਇੰਜੀਨੀਅਰਿੰਗ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਬਣਾਏ ਗਏ ਹਨ।
ਆਸਟ੍ਰੇਲੀਆ ਦੀ ਰਣਨੀਤਕ ਨੀਤੀ ਸੰਸਥਾ ਨੇ ਆਪਣੀ ਖੋਜ ‘ਚ ਦੱਸਿਆ ਕਿ 80 ਹਜ਼ਾਰ ਤੋਂ ਵੀ ਵੱਧ ਉਇਗਰਾਂ ਨੂੰ ਜ਼ਬਰਦਸਤੀ ਫੈਕਟਰੀਆਂ ‘ਚ ਕਾਮੇ ਬਣਾਇਆ ਗਿਆ ਹੈ।ਇਹ ਉਇਗਰ ਸ਼ਿਨਜ਼ਿਆਂਗ ‘ਚ ਐਪਲ, ਨਾਈਕ, ਵੋਲਕਸਵਾਗੇਨ ਅਤੇ ਹੋਰਾਂ ਵਿਸ਼ਵਵਿਆਪੀ ਬ੍ਰਾਂਡਾਂ ਲਈ ਉਤਪਾਦ ਕਰਨ ਵਾਲੀਆਂ ਫੈਕਟਰੀਆਂ ‘ਚ ਕੰਮ ਕਰਦੇ ਹਨ।ਸ਼ਿਨਜ਼ਿਆਂਗ ‘ਚ ਜ਼ਮੀਨੀ ਸਥਿਤੀ ‘ਚ ਹੋਏ ਬਦਲਾਵ ਦੇ ਮੱਦੇਨਜ਼ਰ ਚੀਨ ਨੂੰ ਕੌਮਾਂਤਰੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ।ਇਸ ਸਾਲ 30 ਜੂਨ ਨੂੰ 27 ਮੁਲਕਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੂੰ ਇਸ ਸਬੰਧੀ ਨਿਰਪੱਖ ਜਾਂਚ ਕਰਨ ਲਈ ਅਪੀਲ ਕੀਤੀ।ਜੁਲਾਈ ਮਹੀਨੇ ਚੀਨ ਸਬੰਧੀ ਅੰਤਰ ਸੰਸਦੀ ਗੱਠਜੋੜ ਨੇ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਕਿ ਸ਼ਿਨਜ਼ਿਆਂਗ ‘ਚ ਜਾਂਚ ਕੀਤੀ ਜਾਵੇ।ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਜੂਨ 2020 ‘ਚ ਉਇਗਰ ਮਨੁੱਖੀ ਅਧਿਕਾਰ ਨੀਤੀ ਐਕਟ 2020 ਨੂੰ ਮਨਜ਼ੂਰੀ ਦਿੱਤੀ। ਇਸ ਨੀਤੀ ਤਹਿਤ ਉਇਗਰਾਂ ਨੂੰ ਜਨਤਕ ਤੌਰ ‘ਤੇ ਨਜ਼ਰਬੰਦ ਕਰਨ ਦੇ ਖਿਲਾਫ ਚੀਨ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਸੰਯੁਕਤ ਰਾਸ਼ਟਰ ਦੇ ਵਿਦੇਸ਼ ਵਿਭਾਗ ਨੇ 2020 ਦੇ ਅੰਤਰਰਾਸ਼ਟਰੀ ਮਹਿਲਾ ਉਤਸ਼ਾਹ ਪੁਰਸਕਾਰ ਲਈ ਉਇਗਰ ਦੀ ਕਾਰਕੁੰਨ ਸਾਇਰਾਗੁਲ ਸਾਯੂਤਬੇਅ ਨੂੰ ਚੁਣਿਆ ਹੈ।
ਇਸ ਤੋਂ ਇਲਾਵਾ 9 ਜੁਲਾਈ 2020 ਨੂੰ ਅਮਰੀਕਾ ਨੇ ਗਲੋਬਲ ਮੈਗਨੀਟਸਕੀ ਐਕਟ ਦੀ ਵਰਤੋਂ ਕਰਦਿਆਂ ਸ਼ਿਨਜ਼ਿਆਂਗ ਕਮਿਊਨਿਸਟ ਪਾਰਟੀ ਦੇ ਸਕੱਤਰ ਚੇਨ ਕੋਆਨਗੋ ਅਤੇ ਤਿੰਨ ਹੋਰਨਾਂ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਪਾਬੰਦੀਆਂ ਦਾ ਐਲਾਨ ਕੀਤਾ ਸੀ।ਇਸ ਤੋਂ ਪਹਿਲਾਂ ਚੇਨ 2011 -2016 ਤੱਕ ਤਿੱਬਤ ‘ਚ ਪਾਰਟੀ ਸਕੱਤਰ ਵੱਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।ਉਸ ਸਮੇਂ ਉਨ੍ਹਾਂ ਨੇ ਦਲਾਈ ਲਾਮਾ ਨੂੰ ਭੇਡਾਂ ਦੇ ਵੇਸ ‘ਚ ਬਘਿਆੜ ਦੱਸਿਆ ਸੀ।
ਕੌਮਾਂਤਰੀ ਭਾਈਚਾਰੇ ਵੱਲੋਂ ਚੀਨ ਦੀਆਂ ਉਇਗਰਾਂ ਪ੍ਰਤੀ ਨੀਤੀਆਂ ਦੀ ਬਹੁਤ ਆਲੋਚਨਾ ਹੋ ਰਹੀ ਹੈ ਪਰ ਫਿਰ ਵੀ ਚੀਨ ਆਪਣੀਆਂ ਨੀਤੀਆਂ ‘ਚ ਬਦਲਾ ਕਰਨ ਲਈ ਤਿਆਰ ਨਹੀਂ ਹੈ।ਚੀਨ ਆਪਣੀਆਂ ਵੱਖ ਵੱਖ ਪਹਿਲਕਦਮੀਆਂ ਮਿਸਾਲਨ ਬੇਲਟ ਐਂਡ ਰੋਡ ਪਹਿਲਕਦਮੀ ਪ੍ਰਾਜੈਕਟਾਂ ਰਾਹੀਂ ਸ਼ਿਨਜ਼ਿਆਂਗ ਨੂੰ ਮੱਧ ਏਸ਼ੀਆ ਅਤੇ ਯੂਰਪ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ ਅਤੇ ਇਸ ਲਈ ਆਪਣੇ ਵਿਕਾਸ ਏਜੰਡੇ ਨੂੰ ਸਫਲ ਕਰਨ ਲਈ ਕਾਰਜਸ਼ੀਲ ਹੈ।ਖਿੱਤੇ ‘ਚ ਆਪਣੇ ਪ੍ਰਾਜੈਕਟਾਂ ਲਈ ਵੱਖ ਵੱਖ ਬਹੁਪੱਖੀ ਸੰਸਥਾਵਾਂ ਜਿਵੇਂ ਕਿ ਅੰਤਰਰਾਸ਼ਟਰੀ ਮੁਦਰਾ ਫੰਡ, ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਤੋਂ ਕਰਜ਼ੇ ਲੈਣ ਦਾ ਇੱਛੁੱਕ ਹੈ।
ਉਇਗਰ ਪ੍ਰਤੀ ਚੀਨ ਦੀਆਂ ਤਾਨਾਸ਼ਾਹੀ ਨੀਤੀਆਂ ਖ਼ਿਲਾਫ ਸਖ਼ਤ ਵਿਰੋਧ ਹੋ ਰਿਹਾ ਹੈ।ਪੁਲਿਸ ਥਾਣਿਆਂ, ਪਾਰਟੀ ਦੇ ਕਾਰਕੁੰਨਾਂ , ਫੌਜੀ ਕਾਫਲਿਆਂ ਅਤੇ ਬੁਨਿਆਦੀ ਢਾਚਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸ ਸਥਿਤੀ ਦੇ ਮੱਦੇਨਜ਼ਰ ਸ਼ਿਨਜ਼ਿਆਂਗ ‘ਚ ਵਾਧੂ ਨਿਆਂਇਕ ਨਜ਼ਰਬੰਦੀ ਦੀ ਵਰਤੋਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ।

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ