ਭਾਰਤ ਅਤੇ ਮਿਆਂਮਾਰ ਵਿਚਾਲੇ ਸਬੰਧ ਨਵੀਂ ਰਾਹ ‘ਤੇ



ਭਾਰਤ ਆਪਣੀ ‘ਗੂਆਂਢ ਪਹਿਲ’ ਨੀਤੀ ਅਤੇ ‘ਐਕਟ ਈਸਟ’ ਨੀਤੀ ਦੇ ਤਹਿਤ ਮਿਆਂਮਾਰ ਨਾਲ ਆਪਣੇ ਸਬੰਧਾਂ ਨੂੰ ਤਰਜੀਹ ਦਿੰਦਾ ਹੈ।ਇਸ ਲਈ ਭਾਰਤ ਦੇ ਉੱਚ ਅਧਿਕਾਰੀ ਆਰਥਿਕ ਅਤੇ ਸੁਰੱਖਿਆ ਖੇਤਰਾਂ ‘ਚ ਵਿਸ਼ਵਾਸ ਅਤੇ ਸਹਿਯੋਗ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਿਆਂਮਾਰ ਦੇ ਉੱਚ ਅਧਿਕਾਰੀਆਂ ਅਤੇ ਹਥਿਆਰਬੰਦ ਫੌਜਾਂ ਨਾਲ ਆਪਣੇ ਤਾਲਮੇਲ ਨੂੰ ਵਧਾ ਰਹੇ ਹਨ । ਕੋਵਿਡ-19 ਨਾਲ ਪੈਦਾ ਹੋਏ ਇਸ ਮੁਸ਼ਖਲ ਸਮੇਂ ਦੇ ਰਹਿੰਦਿਆਂ ਵੀ ਭਾਰਤੀ ਫੌਜ ਦੇ ਸਟਾਫ ਮੁੱਖੀ ਚੀਫ਼ ਜਨਰਲ ਐਮ ਐਮ ਨਾਰਵਾਣੇ ਅਤੇ ਵਿਦੇਸ਼ ਸਕੱਤਰ ਹਰਸ਼ ਵਰਧਨ ਸਿੰਗਲਾ ਨੇ ਮਿਆਂਮਾਰ ਦਾ ਦੌਰਾ ਕੀਤਾ। ਇਸ ਮੁਲਾਕਾਤ ਨੇ ਦੁਵੱਲੇ ਸਬੰਧਾਂ ਵਿੱਚ ਪਿਛਲੇ ਸਾਲਾਂ ਵਿੱਚ ਪ੍ਰਾਪਤ ਹੋਈ ਨਿਰੰਤਰ ਤਰੱਕੀ ਦੀ ਸਮੀਖਿਆ ਕਰਨ ਦਾ ਇੱਕ ਮੌਕਾ ਪ੍ਰਦਾਨ ਕੀਤਾ। ਦੋਵਾਂ ਦੇਸ਼ਾਂ ਨੇ ਆਸੀਆਨ ਅਤੇ ਬਿਮਸਟੇਕ ਵਰਗੇ ਖੇਤਰੀ ਬਹੁਪੱਖੀ ਸੰਗਠਨਾਂ ਵਿੱਚ ਸਹਿਯੋਗ ਨਾਲ ਸਾਲਾਂ ਦੌਰਾਨ ਊਰਜਾ ਦੇ ਖੇਤਰਾਂ ਦੀ ਸੁਰੱਖਿਆ ਲਈ ਵਿਕਾਸ ਅਤੇ ਆਰਥਿਕ ਸਹਿਯੋਗ ਲਈ ਮਜ਼ਬੂਤ ​​ਬੰਧਨ ਵਿਕਸਿਤ ਕੀਤੇ ਹਨ। ਭਾਰਤੀ ਸੈਨਾ ਦੇ ਮੁਖੀ ਅਤੇ ਵਿਦੇਸ਼ ਸਕੱਤਰ ਦੀ ਸਾਂਝੀ ਯਾਤਰਾ ਰਣਨੀਤਕ ਕੋਣ ਤੋਂ ਵੀ ਮਹੱਤਵਪੂਰਣ ਸੀ । ਭਾਰਤ ਅਤੇ ਮਿਆਂਮਾਰ ਦੋਵੇਂ ਅੱਤਵਾਦ ਦਾ ਸ਼ਿਕਾਰ ਹੋਏ ਹਨ। ਮਿਆਂਮਾਰ ਦੀ ਲੀਡਰਸ਼ਿਪ ਨੇ ਉੱਚ ਅਧਿਕਾਰੀਆਂ ਦੇ ਦੌਰੇ ਨੂੰ ਵੀ ਬਹੁਤ ਮਹੱਤਵ ਦਿੱਤਾ। ਮਿਆਂਮਾਰ ਦੀ ਸਟੇਟ ਕੌਂਸਲਰ ਡਾਅ ਆਂਗ ਸਾਨ ਸੂ ਕੀ ਅਤੇ ਰੱਖਿਆ ਸੇਵਾਵਾਂ ਦੇ ਚੀਫ਼ ਕਮਾਂਡਰ, ਸੀਨੀਅਰ ਜਨਰਲ ਮਾਈਨ ਆਂਗ ਹਲੇਂਗ ਨੇ ਆਉਣ ਵਾਲੇ ਭਾਰਤੀ ਪਤਵੰਤਿਆਂ ਨਾਲ ਦੁਵੱਲੇ ਸੰਬੰਧਾਂ ਦੇ ਭਵਿੱਖ ਬਾਰੇ ਵਿਚਾਰ ਵਟਾਂਦਰੇ ਲਈ ਮੁਲਾਕਾਤ ਕੀਤੀ। ਮਿਆਂਮਾਰ ਦੇ ਪੱਖ ਤੋਂ, ਮਯਾਨਮਰੇਸ ਆਰਮਡ ਫੋਰਸਿਜ਼ ਦੇ ਚੀਫ ਦੇ ਡਿਪਟੀ ਕਮਾਂਡਰ, ਸੀਨੀਅਰ ਜਨਰਲ ਸੋਈ ਵਿਨ ਨੇ ਦੋਵਾਂ ਦੇਸ਼ਾਂ ਦੇ ਰੱਖਿਆ ਬਲਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ​​ਕਰਨ ਦੇ ਨਵੇਂ ਉਪਾਵਾਂ 'ਤੇ ਭਾਰਤੀ ਫੌਜ ਮੁਖੀ ਨਾਲ ਇੱਕ ਵਿਸ਼ਾਲ ਵਿਚਾਰ ਚਰਚਾ ਕੀਤੀ; ਜਦੋਂ ਕਿ ਮਿਆਂਮਾਰ ਦੇ ਵਿਦੇਸ਼ ਮੰਤਰਾਲੇ ਦੇ ਸਥਾਈ ਸੱਕਤਰ ਯੂ ਸੋ ਹਾਨ ਨੇ ਵੱਖਰੇ ਤੌਰ 'ਤੇ ਭਾਰਤੀ ਵਿਦੇਸ਼ ਸਕੱਤਰ ਨਾਲ ਦੁਵੱਲੇ ਮਹੱਤਵ ਦੇ ਮੁੱਦਿਆਂ' ਤੇ ਵਿਚਾਰ ਵਟਾਂਦਰਾ ਕੀਤਾ ।
ਅਧਿਕਾਰੀਆਂ ਨੇ ਮਿਆਂਮਾਰ ਵਿੱਚ ਕਈ ਉੱਚ ਮੁੱਲ ਵਾਲੇ ਬੁਨਿਆਦੀ ਵਿਕਾਸ ਪ੍ਰਾਜੈਕਟਾਂ ਵਿੱਚ ਹੋਈ ਪ੍ਰਗਤੀ ਬਾਰੇ ਵਿਚਾਰ ਵਟਾਂਦਰੇ ਕੀਤੇ, ਜਿਨ੍ਹਾਂ ਨੂੰ ਭਾਰਤ ਪ੍ਰੇਰਿਤ ਕਰ ਰਿਹਾ ਹੈ, ਇਹ ਪ੍ਰਾਜੈਕਟ 1.4 ਬਿਲੀਅਨ ਡਾਲਰ ਤੋਂ ਵੀ ਵੱਧ ਦੀ ਕੀਮਤ ਦੇ ਹਨ। ਦੋ ਫਲੈਗਸ਼ਿਪ ਕੁਨੈਕਟੀਵਿਟੀ ਪ੍ਰੋਜੈਕਟ ਹਨ, ਕੋਲਕਾਤਾ ਨੂੰ ਬੈਂਕਾਕ ਨਾਲ ਮਿਆਂਮਾਰ ਰਾਹੀਂ ਜੋੜਨ ਵਾਲਾ ਤਿਕੋਣੀ ਹਾਈਵੇ ਅਤੇ ਕਲਦਾਨ ਮਲਟੀ-ਮਾਡਲ ਟਰਾਂਜ਼ਿਟ ਟ੍ਰਾਂਸਪੋਰਟ । ਇਹ ਦੋਨੋ ਪ੍ਰਾਜੈਕਟ ਮੁਕੰਮਲ ਹੋਣ ਤੇ ਦੋਵਾਂ ਦੇਸ਼ਾਂ ਦੇ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣਗੇ। ਦੋਵਾਂ ਧਿਰਾਂ ਨੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਰਖਾਇਨ ਰਾਜ ਵਿਕਾਸ ਪ੍ਰੋਗਰਾਮ ਦੇ ਤਹਿਤ ਹੋਈ ਮਹੱਤਵਪੂਰਨ ਪ੍ਰਗਤੀ ਦਾ ਜ਼ਿਕਰ ਕੀਤਾ। ਭਾਰਤ ਦੀ ਸਮਰੱਥਾ ਵਧਾਉਣ ਦੇ ਯਤਨਾਂ ਦੇ ਹਿੱਸੇ ਵਜੋਂ, ਵਿਦੇਸ਼ੀ ਸੱਕਤਰ ਦੁਆਰਾ ਯਾਤਰਾ ਦੌਰਾਨ ਸਾੱਫਟਵੇਅਰ ਵਿਕਾਸ ਅਤੇ ਸਿਖਲਾਈ ਦੇ ਇਕ ਸੈਂਟਰ ਐਕਸੀਲੈਂਸ ਦਾ ਉਦਘਾਟਨ ਕੀਤਾ ਗਿਆ ।

ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ 'ਤੇ ਵਿਚਾਰ ਵਟਾਂਦਰੇ ਤੋਂ ਇਲਾਵਾ, ਦੋਵਾਂ ਧਿਰਾਂ ਨੇ ਆਪਣੇ ਸਰਹੱਦੀ ਖੇਤਰਾਂ ਵਿਚ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ' ਤੇ ਵਿਸ਼ੇਸ਼ ਜ਼ੋਰ ਦੇ ਨਾਲ ਚੱਲ ਰਹੇ ਸੁਰੱਖਿਆ ਸਹਿਯੋਗ ਦੀ ਸਮੀਖਿਆ ਕੀਤੀ। ਦੋਵਾਂ ਧਿਰਾਂ ਨੇ ਆਪੋ- ਆਪਣੀ ਵਚਨਬੱਧਤਾ ਨੂੰ ਦੁਹਰਾਇਆ ਕਿ ਉਹ ਆਪੋ-ਆਪਣੇ ਇਲਾਕਿਆਂ ਨੂੰ ਇਕ-ਦੂਜੇ ਨਾਲ ਗੈਰ-ਜ਼ਰੂਰੀ ਕੰਮਾਂ ਲਈ ਨਹੀਂ ਵਰਤਣ ਦੇਣਗੇ। ਭਾਰਤੀ ਪੱਖ ਨੇ ਵੱਖ-ਵੱਖ ਵਿਦਰੋਹੀ ਸਮੂਹਾਂ ਦੇ 22 ਕਾਡਰਾਂ ਨੂੰ ਭਾਰਤ ਹਵਾਲੇ ਕਰਨ ਲਈ ਮਿਆਂਮਾਰ ਦੀ ਸ਼ਲਾਘਾ ਕੀਤੀ।

ਕੋਵਿਡ-19 ਸੰਕਟ ਦੌਰਾਨ ਆਪਣੇ ਗੂਆਂਢੀ ਮੁਲਕਾਂ ਦੀ ਮਦਦ ਕਰਨ ਦੇ ਨੈਤਿਕ ਯਤਨਾਂ ਵੱਜੋਂ ਭਾਰਤੀ ਵਿਦੇਸ਼ ਸਕੱਤਰ ਅਤੇ ਸੈਨਾ ਮੁੱਖੀ ਨੇ 3 ਹਜ਼ਾਰ ਰੇਮੇਡਸਵੀਰ ਦੀਆਂ ਸ਼ੀਸ਼ੀਆਂ ਸਟੇਟ ਕੌਂਸਲ ਨੂੰ ਸੌਂਪੀਆਂ।ਇਹ ਦਵਾਈ ਕੋਰੋਨਾ ਵਾਇਰਸ ਦੇ ਇਲਾਜ ‘ਚ ਮਦਦਗਾਰ ਹੈ।ਵਿਦੇਸ਼ ਸਕੱਤਰ ਨੇ ਕੋਵਿਡ-19 ਦੇ ਟੀਕੇ ਦੇ ਬਣਨ ‘ਤੇ , ਉਸ ਦੀ ਵੰਡ ‘ਚ ਮਿਆਂਮਾਰ ਨੂੰ ਤਰਜੀਹੀ ਦੇਸ਼ ਵੱਜੋਂ ਦੱਸਿਆ।ਇਸ ਤੋਂ ਇਲਾਵਾ ਭਾਰਤ ਨੇ ਮਿਆਂਮਾਰ ਅਤੇ ਬੰਗਲਾਦੇਸ਼ ਦੋਵਾਂ ਹੀ ਦੇਸ਼ਾਂ ਦੇ ਵਿਸਥਾਪਿਤ ਲੋਕਾਂ ਦੀ ਜਲਦੀ ਵਾਪਸੀ ਦੀ ਸਹੂਲਤ ਕਾਇਮ ਕਰਨ ਲਈ ਆਰਥਿਕ ਅਤੇ ਪਦਾਰਥਵਾਦੀ ਮਦਦ ਦੇ ਨਾਲ ਨਾਲ ਮਨੁੱਖਤਾਵਾਦੀ ਸਹਾਇਤਾ ਵੀ ਪ੍ਰਦਾਨ ਕੀਤੀ ਹੈ।

ਭਾਰਤ ਅਤੇ ਮਿਆਂਮਾਰ ਨੇ ਹਾਲ ਹੀ ਦੇ ਸਾਲਾਂ ਵਿਚ ਆਪਣੇ ਊਰਜਾ ਸੰਬੰਧਾਂ ਨੂੰ ਵੀ ਮਜ਼ਬੂਤ ਕੀਤਾ ਹੈ । ਫਰਵਰੀ 2020 ਵਿਚ ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਿਆਂਮਾਰ ਯਾਤਰਾ ਦੌਰਾਨ ਦੋਵਾਂ ਧਿਰਾਂ ਨੇ ਪੈਟਰੋਲੀਅਮ ਉਤਪਾਦਾਂ ਵਿਚ ਸਹਿਯੋਗ ਲਈ ਇਕ ਸਮਝੌਤਾ ਸਹੀਬੰਦ ਕੀਤਾ ਸੀ। ਦੋਵਾਂ ਦੇਸ਼ਾਂ ਵਿਚ ਪਹਿਲਾਂ ਹੀ ਤੇਲ ਅਤੇ ਗੈਸ ਸੈਕਟਰ 'ਤੇ ਸੰਯੁਕਤ ਕਾਰਜਕਾਰੀ ਸਮੂਹ ਦੁਆਰਾ ਊਰਜਾ ਖੇਤਰ ਵਿਚ ਦੁਵੱਲੇ ਸਹਿਯੋਗ ਦੀ ਅਗਵਾਈ ਕਰਨ ਲਈ ਸੰਸਥਾਗਤ ਵਿਧੀ ਹੈ, ਜਿਸ ਦੀ ਆਖਰੀ ਬੈਠਕ ਇਸ ਸਾਲ ਜੂਨ ਵਿਚ ਹੋਈ ਸੀ। ਭਾਰਤ ਦੇ ਮਿਜੋਰਮ ਅਤੇ ਮਿਆਂਮਾਰ ਦਰਮਿਆਨ ਸਰਹੱਦੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ, ਭਾਰਤ ਨੇ ਮਿਆਂਮਾਰ ਦੇ ਚਿਨ ਰਾਜ ਵਿੱਚ ਸਰਸੀਚੌਕ ਵਿਖੇ ਸਰਹੱਦ “ਹਾਟ” ਬ੍ਰਿਜ ਦੇ ਨਿਰਮਾਣ ਲਈ 20 ਲੱਖ ਅਮਰੀਕੀ ਡਾਲਰ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਜੋ ਆਰਥਿਕ ਸੰਪਰਕ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ। ਭਾਰਤ ਨੇ ਮਿਆਂਮਾਰ ਦੀ ਸਭਿਆਚਾਰਕ ਵਿਰਾਸਤ ਨੂੰ ਵਿਸ਼ਵ ਪ੍ਰਸਿੱਧ ਬਗਨ ਪਗੋਡਾਸ ਵਾਂਗ ਸੰਭਾਲਣ ਲਈ ਸਹਾਇਤਾ ਦਾ ਐਲਾਨ ਵੀ ਕੀਤਾ ਸੀ ਜੋ ਸਾਲ 2016 ਦੇ ਭੂਚਾਲ ਵਿੱਚ ਨੁਕਸਾਨੇ ਗਏ ਸਨ।

ਸਕ੍ਰਿਪਟ: ਰਣਜੀਤ ਕੁਮਾਰ, ਸੀਨੀਅਰ ਪੱਤਰਕਾਰ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ