ਪ੍ਰਧਾਨ ਮੰਤਰੀ ਨੇ ਕੋਵਿਡ-19 'ਤੇ ਠੋਸ ਕਾਰਵਾਈ ਦੀ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨਾਲ ਵੀਡਿਓ ਕਾਨਫਰੰਸ ਦੇ ਰਾਹੀਂ ਕੋਵਿਡ-19 ਨਾਲ ਨਜਿੱਠਣ ਅਤੇ ਪ੍ਰਬੰਧਨ ਦੀ ਸਥਿਤੀ ਅਤੇ ਤਿਆਰੀ ਦਾ ਜਾਇਜ਼ਾ ਲਿਆ ਗਿਆ ਅਤੇ ਜਿਨ੍ਹਾਂ ਅੱਠ ਸੂਬਿਆਂ ਵਿੱਚ ਇਸ ਮਹਾਮਾਰੀ ਦੀ ਉੱਚ ਦਰ ਪਾਈ ਗਈ ਹੈ ਉਨ੍ਹਾਂ ਰਾਜਾਂ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਗੌਰਤਲਬ ਹੈ ਕਿ ਇਹ ਸੂਬੇ ਹਰਿਆਣਾ, ਦਿੱਲੀ, ਛੱਤੀਸਗੜ੍ਹ, ਕੇਰਲ, ਮਹਾਰਾਸ਼ਟਰ, ਰਾਜਸਥਾਨ, ਗੁਜਰਾਤ ਅਤੇ ਪੱਛਮੀ ਬੰਗਾਲ ਹਨ। ਇਸ ਬੈਠਕ ਦੌਰਾਨ ਕੋਵਿਡ-19 ਟੀਕੇ ਦੀ ਤਿਆਰੀ, ਵੰਡ ਅਤੇ ਪ੍ਰਬੰਧਨ ਦੀਆਂ ਵਿਧੀਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਬੈਠਕ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਇਕਜੁਟ ਯਤਨਾਂ ਸਦਕਾ ਮਹਾਮਾਰੀ ਨਾਲ ਟਾਕਰਾ ਕੀਤਾ ਹੈ ਅਤੇ ਰਿਕਵਰੀ ਰੇਟ ਅਤੇ ਮੌਤ ਦਰ ਦੋਵਾਂ ਦੇ ਲਿਹਾਜ਼ ਨਾਲ, ਭਾਰਤ ਵਿੱਚ ਸਥਿਤੀ ਹੋਰਨਾਂ ਦੇਸ਼ਾਂ ਨਾਲੋਂ ਬਿਹਤਰ ਹੈ। ਉਨ੍ਹਾਂ ਟੈਸਟਿੰਗ ਅਤੇ ਟਰੀਟਮੈਂਟ ਨੈੱਟਵਰਕ ਦੇ ਵਿਸਥਾਰ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਕੇਅਰਜ਼ ਫੰਡ ਦਾ ਖਾਸ ਮਕਸਦ ਵੈਂਟੀਲੇਟਰਾਂ ਨੂੰ ਉਪਲਬਧ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਨੂੰ ਆਕਸੀਜਨ ਉਤਪਾਦਨ ਦੇ ਲਿਹਾਜ਼ ਨਾਲ ਸਵੈ-ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੱਸਿਆ ਕਿ 160 ਤੋਂ ਵੱਧ ਨਵੇਂ ਆਕਸੀਜਨ ਪਲਾਂਟ ਸਥਾਪਿਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਲੋਕਾਂ ਦੀ ਮਹਾਮਾਰੀ ਬਾਰੇ ਕੀ ਪ੍ਰਤੀਕ੍ਰਿਆ ਸੀ, ਪ੍ਰਧਾਨ ਮੰਤਰੀ ਮੋਦੀ ਕਿਹਾ ਕਿ ਇਸ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਡਰ ਸੀ, ਜਦੋਂ ਲੋਕਾਂ ਨੇ ਘਬਰਾਹਟ ਵਿਚ ਪ੍ਰਤੀਕ੍ਰਿਆ ਕੀਤੀ। ਦੂਜੇ ਪੜਾਅ ਵਿਚ ਵਾਇਰਸ ਬਾਰੇ ਸ਼ੰਕਾਵਾਂ ਨੂੰ ਫੈਲਦੇ ਦੇਖਿਆ ਗਿਆ, ਜਦੋਂ ਬਹੁਤ ਸਾਰੇ ਲੋਕਾਂ ਨੇ ਇਹ ਲੁਕਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਤੋਂ ਦੁਖੀ ਸਨ। ਤੀਸਰਾ ਪੜਾਅ ਮੰਨਣ ਦਾ ਸੀ, ਜਦੋਂ ਲੋਕ ਮਹਾਮਾਰੀ ਪ੍ਰਤੀ ਵਧੇਰੇ ਗੰਭੀਰ ਹੋ ਗਏ ਅਤੇ ਵਧੇਰੇ ਜਾਗਰੂਕਤਾ ਦਿਖਾਈ। ਚੌਥੇ ਪੜਾਅ ਵਿਚ ਵਧ ਰਹੀ ਰਿਕਵਰੀ ਦਰ ਦੇ ਨਾਲ, ਲੋਕਾਂ ਨੇ ਵਾਇਰਸ ਤੋਂ ਠੀਕ ਹੋਣ ਦੀ ਇਕ ਗਲਤ ਧਾਰਨਾ ਪੈਦਾ ਕੀਤੀ ਹੈ, ਇਸ ਤਰ੍ਹਾਂ ਲਾਪਰਵਾਹੀ ਦੇ ਮਾਮਲਿਆਂ ਵਿਚ ਵਾਧਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਚੌਥੇ ਪੜਾਅ ਵਿੱਚ ਵਾਇਰਸ ਦੀ ਗੰਭੀਰਤਾ ਪ੍ਰਤੀ ਜਾਗਰੂਕਤਾ ਨੂੰ ਵਧਾਉਣਾ ਬਹੁਤ ਮਹੱਤਵਪੂਰਨ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਆਰ.ਟੀ-ਪੀ.ਸੀ.ਆਰ. ਟੈਸਟਾਂ ਵਿੱਚ ਵਾਧਾ ਕਰਨਾ, ਮਰੀਜ਼ਾਂ ਨੂੰ ਘਰਾਂ ਵਿੱਚ ਕੁਆਰੰਟੀਨ ਕਰਕੇ ਉਨ੍ਹਾਂ ਦੀ ਨਿਗਰਾਨੀ ਨੂੰ ਯਕੀਨੀ ਬਣਾਉਣਾ, ਪਿੰਡ ਅਤੇ ਸਮਾਜਿਕ ਪੱਧਰ ‘ਤੇ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣਾ ਅਤੇ ਵਾਇਰਸ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮਾਂ ਚਲਾਉਂਦੇ ਰਹਿਣਾ ਬਹੁਤ ਹੀ ਅਹਿਮ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਮੌਤ ਦਰ ਨੂੰ 1 ਫੀਸਦੀ ਤੋਂ ਹੇਠਾਂ ਲਿਆਉਣਾ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਸਰਕਾਰ ਮਹਾਮਾਰੀ ਨੂੰ ਰੋਕਣ ਲਈ ਤਿਆਰ ਕੀਤੇ ਜਾ ਰਹੇ ਟੀਕਿਆਂ ਦੇ ਵਿਕਾਸ ‘ਤੇ ਨਜ਼ਦੀਕੀ ਨਜ਼ਰ ਰੱਖ ਰਹੀ ਹੈ। ਭਾਰਤ ਸਰਕਾਰ ਹੋਰ ਦੇਸ਼ਾਂ ਦੀਆਂ ਸਰਕਾਰਾਂ, ਬਹੁਪੱਖੀ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਨਾਲ-ਨਾਲ ਭਾਰਤੀ ਟੀਕਾ ਨਿਰਮਾਤਾਵਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਨਾਗਰਿਕਾਂ ਲਈ ਤਿਆਰ ਕੀਤਾ ਗਿਆ ਟੀਕਾ ਸਾਰੇ ਜ਼ਰੂਰੀ ਵਿਗਿਆਨਕ ਮਾਪਦੰਡਾਂ ਨੂੰ ਪੂਰਾ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਸ ਤਰ੍ਹਾਂ ਕੋਵਿਡ ਵਿਰੁੱਧ ਲੜਾਈ ਵਿਚ ਫੋਕਸ ਹਰੇਕ ਦੀ ਜ਼ਿੰਦਗੀ ਬਚਾਉਣ ਵੱਲ ਰਿਹਾ ਹੈ, ਉਸੇ ਤਰ੍ਹਾਂ ਸਾਡੀ ਇਹੋ ਤਰਜੀਹ ਹੋਵੇਗੀ ਕਿ ਟੀਕਾ ਸਾਰਿਆਂ ਤੱਕ ਪੁੱਜੇ। ਇਹ ਯਕੀਨੀ ਬਣਾਉਣ ਲਈ ਹਰੇਕ ਪੱਧਰ 'ਤੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਕਿ ਟੀਕਾਕਰਣ ਦੀ ਮੁਹਿੰਮ ਬੇਰੋਕ, ਵਿਵਸਥਿਤ ਅਤੇ ਸੁਚਾਰੂ ਢੰਗ ਨਾਲ ਚਲਾਈ ਜਾਵੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਟੀਕਾਕਰਨ ਦੀ ਪਹਿਲ ਦਾ ਫੈਸਲਾ ਰਾਜਾਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤਾ ਜਾ ਰਿਹਾ ਹੈ। ਰਾਜਾਂ ਨਾਲ ਵਾਧੂ ਕੋਲਡ ਚੇਨ ਭੰਡਾਰਾਂ ਦੀਆਂ ਜ਼ਰੂਰਤਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀਆਂ ਨੂੰ ਬਿਹਤਰ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਰਾਜ ਪੱਧਰੀ ਸਟੇਅਰਿੰਗ ਕਮੇਟੀ ਅਤੇ ਰਾਜ ਅਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਨਿਯਮਤ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪਿਛਲੇ ਤਜ਼ਰਬਿਆਂ ਤੋਂ ਸੇਧ ਲੈਂਦੇ ਹੋਇਆਂ ਸਾਨੂੰ ਟੀਕਿਆਂ ਬਾਰੇ ਫੈਲਣ ਵਾਲੀਆਂ ਅਫ਼ਵਾਹਾਂ ਨੂੰ ਵੀ ਰੋਕਣ ਲਈ ਉਚਿਤ ਕਦਮ ਚੁੱਕਣੇ ਪੈਣਗੇ। ਉਨ੍ਹਾਂ ਕਿਹਾ ਕਿ ਟੀਕੇ ਦੇ ਮਾੜੇ ਪ੍ਰਭਾਵਾਂ ਬਾਰੇ ਅਫਵਾਹਾਂ ਫੈਲ ਸਕਦੀਆਂ ਹਨ। ਇਸ ਲਈ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਸਿਵਲ ਸੁਸਾਇਟੀ, ਐਨ.ਸੀ.ਸੀ. ਅਤੇ ਐਨ.ਐੱਸ.ਐੱਸ. ਦੇ ਵਿਦਿਆਰਥੀਆਂ ਅਤੇ ਮੀਡੀਆ ਸਮੇਤ ਹਰ ਸੰਭਵ ਸਹਾਇਤਾ ਨਾਲ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੀ ਲੋੜ ਹੈ, ਤਾਂ ਕਿ ਇਸ ਪ੍ਰਕਾਰ ਦੀ ਕਿਸੇ ਵੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।

ਇਸ ਬੈਠਕ ਦੌਰਾਨ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਦੀ ਪ੍ਰਸੰਸਾ ਕੀਤੀ ਅਤੇ ਰਾਜਾਂ ਵਿੱਚ ਸਿਹਤ ਢਾਂਚੇ ਵਿੱਚ ਸੁਧਾਰ ਲਈ ਲੋੜੀਂਦੀ ਸਹਾਇਤਾ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਰਾਜਾਂ ਵਿਚ ਜ਼ਮੀਨੀ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਮਾਮਲਿਆਂ ਦੀ ਗਿਣਤੀ ਵਿੱਚ ਅਤੇ ਕੋਵਿਡ ਤੋਂ ਬਾਅਦ ਦੀਆਂ ਪੇਚੀਦਗੀਆਂ, ਟੈਸਟਿੰਗ ਵਧਾਉਣ ਲਈ ਚੁੱਕੇ ਗਏ ਉਪਾਅ, ਰਾਜ ਦੀਆਂ ਸਰਹੱਦਾਂ 'ਤੇ ਟੈਸਟ ਕਰਵਾਉਣ ਵਰਗੇ ਚੁੱਕੇ ਗਏ ਕਦਮ, ਘਰ-ਘਰ ਜਾ ਕੇ ਜਾਂਚ ਕਰਨੀ, ਲੋਕਾਂ ਦੀ ਭੀੜ ਤੇ ਪਾਬੰਦੀ, ਕਰਫਿਊ ਲਾਉਣਾ ਅਤੇ ਭੀੜ ਹੋਣ ਤੋਂ ਰੋਕਣ ਲਈ ਕੀਤੇ ਗਏ ਉਪਾਅ, ਚਲਾਈਆਂ ਗਈਆਂ ਜਾਗਰੂਕਤਾ ਮੁਹਿੰਮਾਂ ਅਤੇ ਮਾਸਕ ਦੀ ਵਰਤੋਂ ਵਧਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਟੀਕਾਕਰਣ ਮੁਹਿੰਮ ਬਾਰੇ ਵਿਚਾਰ-ਵਟਾਂਦਰਾ ਵੀ ਕੀਤਾ ਅਤੇ ਸੁਝਾਅ ਵੀ ਦਿੱਤੇ।

ਸਕ੍ਰਿਪਟ: ਕੌਸ਼ਿਕ ਰਾਏ; ਆਕਾਸ਼ਵਾਣੀ ਦੇ ਖ਼ਬਰ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ