ਪਾਕਿਸਤਾਨ ਨੇ ਕਬੂਲਿਆ ਪੁਲਵਾਮਾ ਹਮਲਿਆਂ ‘ਚ ਆਪਣਾ ਹੱਥ
ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਾਬਕਾ ਸਪੀਕਰ ਅਯਾਜ਼ ਸਦੀਕ ਨੇ 29 ਅਕਤੂਬਰ, 2020 ਨੂੰ ਖੁਲਾਸਾ ਕੀਤਾ ਹੈ ਕਿ ਇਮਰਾਨ ਖ਼ਾਨ ਨੇ ਭਾਰਤੀ ਹਵਾਈ ਫੌਜ ਦੇ ਕੈਦ ਕੀਤੇ ਪਾਇਲਟ ਅਭਿਨੰਦਨ ਨੂੰ 1 ਮਾਰਚ 2019 ਨੂੰ ਇਸ ਲਈ ਛੱਡ ਦਿੱਤਾ ਸੀ , ਕਿਉਂਕਿ ਉਨ੍ਹਾਂ ਨੂੰ ਭਾਰਤ ਵੱਲੋਂ ਹਮਲੇ ਦਾ ਡਰ ਸੀ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਨਾਲ ਹੋਈ ਇੱਕ ਬੈਠਕ ‘ਚ , ਜਿਸ ‘ਚ ਪਾਕਿ ਫੌਜ ਮੁੱਖੀ ਜਨਰਲ ਬਾਜਵਾ ਨੇ ਵੀ ਸ਼ਿਰਕਤ ਕੀਤੀ ਸੀ, ਸ਼ਾਹ ਮੁਹੰਮਦ ਕੁਰੈਸ਼ੀ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਸੀ ਕਿ ਉਹ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਨਾ ਕਰਨ ਅਤੇ ਅਭਿਨੰਦਨ ਨੂੰ ਜਾਣ ਦਿੱਤਾ ਜਾਵੇ।ਸਦੀਕ ਨੇ ਕਿਹਾ ਕਿ “ ਉਸ ਵੇਲੇ ਵਿਦੇਸ਼ ਮੰਤਰੀ ਕੁਰੈਸ਼ੀ ਦੀਆਂ ਲੱਤਾਂ ਕੰਬ ਰਹੀਆਂ ਸਨ ਅਤੇ ਉਨ੍ਹਾਂ ਦੇ ਮੱਥੇ ‘ਤੇ ਪਸੀਨਾ ਸੀ।ਉਹ ਕਹਿ ਰਹੇ ਸਨ ‘ਰੱਬ ਦਾ ਵਾਸਤਾ ਏ, ਵਰਧਮਾਨ ਨੂੰ ਹੁਣ ਛੱਡ ਦਿਓ, ਕਿਉਂਕਿ ਭਾਰਤ ਪਾਕਿਸਤਾਨ ‘ਤੇ ਹਮਲਾ ਕਰ ਸਕਦਾ ਹੈ।”
ਅਯਾਜ਼ ਇਕ ਸੀਨੀਅਰ ਸਿਆਸੀ ਆਗੂ ਹਨ ਅਤੇ ਉਨ੍ਹਾਂ ਵੱਲੋਂ ਕਹੀ ਜਾਂਦੀ ਹਰ ਗੱਲ ਨੂੰ ਮਾਪ ਤੋਲ ਕੇ ਵੇਖਿਆ ਜਾਂਦਾ ਹੈ।ਹਾਲਾਂਕਿ ਪਾਕਿ ਹਕੂਮਤ ਦਾ ਸਾਹਮਣਾ ਕਰਨ ਵਾਲੀ ਮੁੱਖ ਵਿਰੋਧੀ ਧਿਰ ਦੇ ਇੱਕ ਮੈਂਬਰ ਵੱਜੋਂ ਉਨ੍ਹਾਂ ਦਾ ਮਕਸਦ ਸਰਕਾਰ ਦੀਆਂ ਨਾਕਾਮਯਾਬੀਆਂ ਸਾਬਤ ਕਰਨਾ ਸੀ ਪਰ ਇਸਦੇ ਨਾਲ ਹੀ ਉਨ੍ਹਾਂ ਨੇ ਫੌਜ ਦੇ ਅਕਸ ਨੂੰ ਵੀ ਪ੍ਰਭਾਵਿਤ ਕੀਤਾ ਹੈ।ਇਹ ਸਭ ਚੱਲ ਰਹੇ ਰਾਜਨੀਤਿਕ ਸੰਕਟ ਦਾ ਹੀ ਸੰਕੇਤ ਹੈ ਜੋ ਕਿ ਬਹੁਤ ਜ਼ਿਆਦਾ ਪ੍ਰਭਾਵ ਪਾ ਰਿਹਾ ਹੈ।ਦੂਜੇ ਪਾਸੇ ਅਯਾਜ਼ ਦੇ ਇਸ ਬਿਆਨ ਨੇ ਪਾਕਿ ਫੌਜ ਨੂੰ ਪ੍ਰਭਾਵਿਤ ਕੀਤਾ ਹੈ।
ਪਾਕਿਸਤਾਨ ਦੇ ਸਾਇੰਸ ਅਤੇ ਤਕਨਾਲੋਜੀ ਦੇ ਸੰਘੀ ਮੰਤਰੀ ਫਵਾਦ ਚੌਧਰੀ ਨੇ ਆਪਣੀ ਹਕੂਮਤ ਦੇ ਬੇਤੁਕੇ ਇਰਾਦੇ ਅਤੇ ਭਾਰਤ ਪ੍ਰਤੀ ਸਫਲਤਾ ਦਰਸਾਉਣ ਦੇ ਦਬਾਅ ਹੇਠ ਦਾਅਵਾ ਕੀਤਾ ਹੈ ਕਿ ਦੋ ਭਾਰਤੀ ਹਵਾਈ ਜਹਾਜ਼ਾਂ ਨੂੰ ਨਿਸ਼ਾਨੇ ‘ਤੇ ਲੈਣਾ ਅਤੇ ਇੱਕ ਪਾਇਲਟ ਨੂੰ ਹਿਰਾਸਤ ‘ਚ ਲੈਣ ਤੋਂ ਇਲਾਵਾ ਘਾਤਕ ਪੁਲਵਾਮਾ ਹਮਲੇ ਨੂੰ ਅੰਜਾਮ ਦੇਣਾ ,ਇਮਰਾਨ ਖ਼ਾਨ ਦੀ ਨੀਤੀ ਦੀ ਇੱਕ ਵੱਡੀ ਸਫਲਤਾ ਰਹੀ ਹੈ।
ਇਹ ਪਾਕਿ ਮੰਤਰੀ ਵੱਲੋਂ ਸਹਿਜ ਦਿੱਤਾ ਗਿਆ ਬਿਆਨ ਹੈ, ਜਿਸ ‘ਚ ਉਨ੍ਹਾਂ ਕਬੂਲ ਕੀਤਾ ਹੈ ਕਿ ਪਾਕਿਸਤਾਨ ਨੇ ਅੱਤਵਾਦ ਨੂੰ ਇੱਕ ਸਾਧਨ ਵੱਜੋਂ ਇਸਤੇਮਾਲ ਕੀਤਾ ਹੈ ਅਤੇ ਇਸਲਾਮਾਬਾਦ ਦੀ ਇਹ ਰਣਨੀਤੀ ਰਹੀ ਹੈ ਕਿ ਅੱਤਵਾਦ ਦੇ ਸਹਾਰੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਵੇ।
ਪਾਕਿ ਮੰਤਰੀ ਵੱਲੋਂ ਦਿੱਤੇ ਇੰਨਾਂ ਦੋ ਅਹਿਮ ਬਿਆਨਾਂ ਦੀ ਭਾਰਤ ਮੀਡੀਆ ‘ਚ ਵਿਅਤਪਕ ਕਵਰੇਜ ਹੋਈ ਹੈ।ਇੰਨ੍ਹਾਂ ਦੋਵਾਂ ਬਿਆਨਾਂ ਨੇ ਭਾਰਤ ‘ਚ ਮੋਦੀ ਸਰਕਾਰ ਦੀ ਰੇਟਿੰਗ ਨੂੰ ਵਧਾਇਆ ਹੈ ਅਤੇ ਨਾਲ ਹੀ ਪਿਛਲੇ ਲੰਮੇ ਸਮੇਂ ਤੋਂ ਜੋ ਭਾਰਤ ਵੱਲੋਂ ਠੋਕ ਵਜ੍ਹਾ ਕਿ ਕਿਹਾ ਜਾ ਰਿਹਾ ਸੀ ਕਿ ਪਾਕਿਸਤਾਨ ਸਰਹੱਦ ਪਾਰ ਤੋਂ ਅੱਤਵਾਦ ਨੂੰ ਉਤਸ਼ਾਹਤ ਕਰ ਰਿਹਾ ਹੈ, ਇਸ ਤੱਥ ਦੀ ਵੀ ਪੁਸ਼ਟੀ ਕੀਤੀ ਹੈ।
ਆਪਣੇ ਵੱਲੋਂ ਦਿੱਤੇ ਬਿਆਨ ਤੋਂ ਇੱਕ ਦਿਨ ਬਾਅਦ ਅਯਾਜ਼ ਨੇ ਨਾਗਰਿਕ ਸਰਕਾਰ ਦੇ ਬਚਾਅ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਪਾਕਿ ਹਕੂਮਤ ਨੇ ਵਿਰੋਧੀ ਧਿਰ ਨੂੰ ਇਹ ਨਹੀਂ ਦੱਸਿਆ ਸੀ ਕਿ ਅਭਿਨੰਦਨ ਨੂੰ ਕਿਉਂ ਰਿਹਾਅ ਕੀਤਾ ਜਾ ਰਿਹਾ ਹੈ ਅਤੇ ਇਸ ਪਿੱਛੇ ਅਸਲ ਮਜਬੂਰੀਆਂ ਕੀ ਸਨ।
ਫਵਾਦ ਨੇ ਆਪਣੇ ਬਿਆਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਤਾਂ ਸਿਰਫ ਬਾਲਾਕੋਟ ਕਾਰਵਾਈ ਦੀ ਗੱਲ ਕਰ ਰਿਹਾ ਸੀ, ਜਿਸ ‘ਚ ਦੋ ਭਾਰਤੀ ਜਹਾਜ਼ ਹਾਦਸਾਗ੍ਰਸਤ ਹੋਏ ਸਨ ਅਤੇ ਇੱਕ ਭਾਰਤੀ ਪਾਇਲਟ ਨੂੰ ਹਿਰਾਸਤ ‘ਚ ਲਿਆ ਗਿਆ ਸੀ।ਪਰ ਇੰਨ੍ਹਾਂ ਕਥਨਾਂ ਨਾਲ ਉਹ ਆਪਣੇ ਬਿਆਨ ਦੀ ਨਾਜ਼ੁਕਤਾ ਦੀ ਪੁਸ਼ਟੀ ਕਰਨ ‘ਚ ਅਸਫਲ ਰਹੇ।ਉਨ੍ਹਾਂ ਨੇ ਭਾਰਤ ‘ਚ ਅੱਤਵਾਦ ਦੇ ਫੈਲਾਅ ‘ਚ ਪਾਕਿਸਤਾਨ ਦੀ ਭੂਮਿਕਾ ਨੂੰ ਪੂਰੀ ਤਰਾਂ ਨਾਲ ਨਕਾਰਿਆ ਸੀ।
ਇਸ ਦੌਰਾਨ ਪਾਕਿ ਫੌਜ ਦੇ ਬੁਲਾਰੇ ਵੱਲੋਂ ਇਹ ਸਪਸ਼ੱਟੀਕਰਨ ਦਿੱਤਾ ਜਾਣਾ ਕਿ ਅਭਿਨੰਦਨ ਨੂੰ ਰਿਹਾਅ ਕਰਨ ਦਾ ਫ਼ੈਸਲਾ ਇੱਕ ਜ਼ਿੰਮੇਵਾਰ ਰਾਜ ਵੱਲੋਂ ਲਿਆ ਗਿਆ ਇੱਕ ਪਰਿਪੱਕ ਫ਼ੈਸਲਾ ਸੀ ਅਤੇ ਇਸ ਬਿਆਨ ਨੂੰ ਟੀਵੀ ‘ਤੇ ਪ੍ਰਸਾਰਿਤ ਵੀ ਕੀਤਾ ਗਿਆ ਪਰ ਬਹੁਤ ਇਸ ਬਿਆਨ ਨੂੰ ਘੱਟ ਕਵਰੇਜ ਮਿਲੀ।
ਪਾਕਿਸਤਾਨੀ ਮੀਡੀਆ ‘ਚ ਇਸ ਸਬੰਧੀ ਬਹੁਤ ਹੀ ਨਾਟਕੀ ਢੰਗ ਨਾਲ ਕਵਰੇਜ ਹੋਈ।ਇੱਕ ਟਾਕ ਸ਼ੋਅ ‘ਚ ਅਯਾਜ਼ ਨੂੰ ਉਸ ਦੀ ਹਮਲਾਵਰ ਰਣਨੀਤੀ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਨਿੰਦਿਆ ਗਿਆ।ਵੈਸੇ ਵੀ ਪਾਕਿ ਰਾਸ਼ਟਰਵਾਦ ਦਾ ਹਿੱਸਾ ਹੀ ਹੈ ਕਿ ਭਾਰਤ ਵਿਰੋਧੀ ਬਿਆਨ ਇੱਥੇ ਆਮ ਹੀ ਦਿੱਤੇ ਜਾਂਦੇ ਹਨ, ਪਰ ਕਈ ਪਾਕਿਸਤਾਨੀ ਐਂਕਰਾਂ ਨੇ ਅਯਾਜ਼ ਦੇ ਇੰਨਾਂ ਬਿਆਨਾਂ ‘ਤੇ ਉਸਦੀ ਨਿਖੇਧੀ ਕੀਤੀ।ਹਾਲਾਂਕਿ ਫਵਾਦ ਦੇ ਬਿਆਨ ਨੂੰ ਵਧੇਰੇ ਕਵਰੇਜ ਨਾ ਮਿਲੀ ਪਰ ਫਿਰ ਵੀ ਕੁੱਝ ਚੈਨਲਾਂ ‘ਤੇ ਕਈ ਟਿੱਪਣੀਕਾਰਾਂ ਨੇ ਇਸ ਨੂੰ ਗੈਰ ਜ਼ਿੰਮੇਵਾਰਾਨਾ ਅਤੇ ਮੰਦਭਾਗਾ ਦੱਸਿਆ।
ਇਸ ਮੌਕੇ ਪਾਕਿਸਤਾਨ ਅੰਦਰੂਨੀ ਰਾਜਨੀਤੀ ਮੰਥਨ ਦੀ ਪ੍ਰਕ੍ਰਿਆ ‘ਚੋਂ ਲੰਘ ਰਿਹਾ ਹੈ।ਮੌਜੂਦਾ ਹਕੂਮਤ ਆਪਣੀ ਪ੍ਰਸਿੱਧੀ ਗਵਾ ਚੁੱਕੀ ਹੈ।ਵਿਰੋਧੀ ਧਿਰ ਨੂੰ ਇੱਕ ਵਾਰ ਫਿਰ ਹਕੂਮਤ ਨੂੰ ਨਿਸ਼ਾਨੇ ‘ਤੇ ਲੈਣ ਦਾ ਮੌਕਾ ਮਿਲ ਗਿਆ ਹੈ।
ਪਾਕਿ ਫੌਜ ਜੋ ਕਿ ਇਮਰਾਨ ਹਕੂਮਤ ਦੀ ਹਿਮਾਇਤ ਕਰ ਰਹੀ ਹੈ, ਉਸ ਨੂੰ ਵੀ ਸਿਆਸੀ ਗਤੀਵਿਧੀਆਂ ‘ਚ ਦਖਲ ਦੇਣ ‘ਤੇ ਵਿਰੋਧੀ ਧਿਰ ਵੱਲੋਂ ਅਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਪਾਕਿ ਫੌਜ ਵੱਲੋਂ ਹੁਣ ਤੱਕ ਜੋ ਤਾਕਤ ਸੰਤੁਲਨ ਪੇਸ਼ ਕੀਤਾ ਗਿਆ ਸੀ, ਉਹ ਹੁਣ ਦਬਾਅ ਹੇਠ ਹੈ।ਦੇਸ਼ ਦੀ ਆਰਥਿਕ ਸਥਿਤੀ ‘ਚ ਕੋਈ ਸੁਧਾਰ ਵਿਖਾਈ ਨਹੀਂ ਪੈ ਰਿਹਾ ਹੈ।ਇੱਥੋਂ ਤੱਕ ਕਿ ਪਾਕਿ ਨਾਗਰਿਕਾਂ ਦਾ ਆਪਣੇ ਵਜ਼ੀਰ-ਏ-ਆਜ਼ਮ ‘ਚ ਵਿਸ਼ਵਾਸ ਖ਼ਤਮ ਹੋ ਰਿਹਾ ਹੈ।ਜੇਕਰ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂ ਸ਼ੁਰੂ ‘ਚ ਕਈ ਟੀਵੀ ਐਂਕਰਾਂ ਅਤੇ ਟਿੱਪਣੀਕਾਰਾਂ ਨੇ ਇਮਰਾਨ ਨਾਲ ਹਮਦਰਦੀ ਵਿਖਾਈ ਸੀ, ਪਰ ਹੁਣ ਉਹ ਵੀ ਉਸ ਦੇ ਸਭ ਤੋਂ ਵੱਡੇ ਆਲੋਚਕ ਬਣ ਗਏ ਹਨ।ਇਸ ਪੂਰੀ ਸਥਿਤੀ ਤੋਂ ਅੰਦਾਜ਼ਾ ਲੱਗ ਰਿਹਾ ਹੈ ਕਿ ਜੇਕਰ ਪੰਜਾਬ ‘ਚ ਚੋਣਾਂ ਹੋਣ ਤਾਂ ਨਵਾਜ਼ ਸ਼ਰੀਫ ਦੀ ਪਾਰਟੀ ਚੋਣਾਂ ‘ਚ ਮੱਲ ਮਾਰ ਸਕਦੀ ਹੈ।
ਅਜਿਹੀਆਂ ਅਫਵਾਹਾਂ ਹਨ ਕਿ ਫੌਜ ਦੇਸ਼ ਦੇ ਬਦਲ ਰਹੇ ਸਿਆਸੀ ਸਮੀਕਰਣਾਂ ਤੋਂ ਅਣਜਾਣ ਨਹੀਂ ਹੈ ਅਤੇ ਸਾਰੇ ਪੱਖਾਂ ਨੂੰ ਆਪਣੇ ਹੱਥ ‘ਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।ਇਹ ਹੁਣ ਅਜਿਹਾ ਮੌਕਾ ਹੈ ਕਿ ਸਿਆਸੀ ਸੰਤੁਲਨ ਨੂੰ ਮੁੜ ਇੱਕਜੁੱਟ ਕਰਕੇ ਅਗਾਂਹ ਵਧਿਆ ਜਾਵੇ।
Comments
Post a Comment