ਪਾਕਿਸਤਾਨ ਵਿੱਚ ਸਿਆਸੀ ਹਲਚਲ

ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੇ ਬੀਤੇ ਹਫਤੇ ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਵੱਲੋਂ ਪੂਰੇ ਮੁਲਕ ਵਿੱਚ ਸਿਆਸੀ ਰੈਲੀਆਂ ‘ਤੇ ਰੋਕ ਲਾਉਣ ਦਾ ਐਲਾਨ ਜਾਰੀ ਕੀਤਾ ਸੀ। ਗੌਰਤਲਬ ਹੈ ਕਿ ਇਸ ਦੇ ਪਿੱਛੇ ਜੋ ਕਾਰਨ ਦੱਸਿਆ ਗਿਆ ਉਹ ਇਹ ਸੀ ਕਿ ਮੁਲਕ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਾ ਹੈ ਤੇ ਇਸ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਧਿਆਨਯੋਗ ਹੈ ਕਿ ਇਸਲਾਮਾਬਾਦ ਹਾਈਕੋਰਟ ਨੇ ਵੀ ਕੋਰੋਨਾ ਵਾਇਰਸ ਸੰਕਟ ਦੀ ਸਥਿਤੀ ਨੂੰ ਦੇਖਦਿਆਂ ਕੋਵਿਡ-19 ਬਾਰੇ ਐੱਨ.ਸੀ.ਓ.ਸੀ. ਦੇ ਫੈਸਲੇ ਨੂੰ ਜਾਇਜ਼ ਮੰਨਿਆ ਅਤੇ ਇਸ ਫੈਸਲੇ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕੀਤੀ।



ਹਾਲਾਂਕਿ ਪਾਬੰਦੀ ਦਾ ਅਸਲ ਕਾਰਨ 11 ਵਿਰੋਧੀ ਦਲਾਂ ਦੇ ਸਾਂਝੇ ਫਰੰਟ ਪੀਪਲਜ਼ ਡੈਮੋਕਰੇਟਿਕ ਮੂਵਮੈਂਟ (ਪੀ.ਡੀ.ਐਮ.) ਦੇ ਯੋਜਨਾਬੱਧ ਅਤੇ ਸਰਕਾਰ ਵਿਰੋਧੀ ਵੱਡੇ ਮੁਜ਼ਾਹਰੇ ਨੂੰ ਰੋਕਣਾ ਦੱਸਿਆ ਜਾ ਰਿਹਾ ਹੈ। ਸਰਕਾਰ ਦੁਆਰਾ ਲਾਈ ਗਈ ਪਾਬੰਦੀ ਨੂੰ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਕੋਰੋਨਾ ਦੀ ਆੜ ਵਿੱਚ ਰੋਕਣ ਦੀ ਅਸਫ਼ਲ ਕੋਸ਼ਿਸ਼ ਕਰਾਰ ਦਿੰਦਿਆਂ ਪੀ.ਡੀ.ਐੱਮ. ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਖੈਬਰ ਪਖਤੂਨਖਵਾ ਸੂਬੇ ਦੇ ਮਾਨਸੇਹਰਾ ਵਿਖੇ ਵਿਸ਼ਾਲ ਰੈਲੀ ਕੀਤੀ। ਪੇਸ਼ਾਵਰ ਪ੍ਰਸ਼ਾਸਨ ਵੱਲੋਂ ਰੈਲੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੇ ਬਾਵਜੂਦ ਵਿਰੋਧੀ ਧਿਰ ਅੱਜ ਪੀ.ਟੀ.ਆਈ. ਦੇ ਗੜ੍ਹ ਪੇਸ਼ਾਵਰ ਵਿੱਚ ਇੱਕ ਹੋਰ ਰੈਲੀ ਕਰਨ ਦੀ ਤਿਆਰੀ ਵਿੱਚ ਹੈ। ਇਸ ਦੇ ਨਾਲ ਹੀ ਪੀ.ਡੀ.ਐੱਮ. 26 ਨਵੰਬਰ ਨੂੰ ਲਰਕਾਨਾ, 30 ਨਵੰਬਰ ਨੂੰ ਮੁਲਤਾਨ ਅਤੇ 13 ਦਸੰਬਰ 2020 ਨੂੰ ਲਾਹੌਰ ਵਿਖੇ ਵੀ ਰੈਲੀ ਕਰੇਗੀ।

ਸਤੰਬਰ ਵਿਚ ਇਸ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਪੀ.ਡੀ.ਐੱਮ. ਨੇ ਪਾਕਿਸਤਾਨ ਵਿਚ ਇਕ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਸਰਕਾਰ ਵਿਰੋਧੀ ਅਤੇ ਸਥਾਪਤੀ ਵਿਰੋਧੀ ਮੁਜ਼ਾਹਰਿਆਂ ਅਤੇ ਰੈਲੀਆਂ ਦੁਆਰਾ ਸਰਕਾਰ ਅੱਗੇ ਨਵੀਂ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਨਵਾਜ਼ ਸ਼ਰੀਫ ਨੇ ਸਿਆਸੀ ਮਾਮਲਿਆਂ ਵਿਚ ਦਖਲਅੰਦਾਜ਼ੀ ਲਈ ਮੁਲਕ ਦੇ ਸੈਨਾ ਮੁਖੀ ਜਨਰਲ ਕਮਰ ਬਾਜਵਾ ਦਾ ਖੁੱਲ੍ਹ ਕੇ ਨਾਂ ਲਿਆ ਹੈ ਅਤੇ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਮਾਮਲਿਆਂ ਬਾਰੇ ਸੰਸਦ ਵਿਚ ਵਿਚਾਰ-ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਸਿਆਸੀ ਸਮੱਸਿਆਵਾਂ ਦੇ ਨਿਪਟਾਰੇ ਲਈ ਆਗੂਆਂ ਨੂੰ ਫੌਜ ਦੇ ਕੋਲ ਨਹੀਂ ਆਉਣਾ ਚਾਹੀਦਾ। ਪੀ.ਡੀ.ਐੱਮ. ਨੇ ਨਾ ਸਿਰਫ ਬਲੋਚ ਅਤੇ ਪਸ਼ਤੂਨ ਨੇਤਾਵਾਂ ਨਾਲ ਸਟੇਜ ਸਾਂਝੀ ਕੀਤੀ (ਜੋ ਅਕਸਰ ਫੌਜ ਦੀ ਆਲੋਚਨਾ ਕਰਨ ਲਈ ਦੇਸ਼-ਵਿਰੋਧੀ ਮੰਨੇ ਜਾਂਦੇ ਹਨ) ਬਲਕਿ ਉਨ੍ਹਾਂ ਦੇ ਮਸਲਿਆਂ ਬਾਰੇ ਵੀ ਗੱਲ ਕੀਤੀ। ਮਰੀਅਮ ਨਵਾਜ਼ ਨੇ ਤਾਂ ਕੋਇਟਾ ਦੀ ਰੈਲੀ ਵਿੱਚ ਬਲੋਚਿਸਤਾਨ ਵਿਚ ਲਾਪਤਾ ਵਿਅਕਤੀਆਂ ਦੇ ਮੁੱਦੇ ਨੂੰ ਚੁੱਕਦਿਆਂ ਇਕ ਤਰ੍ਹਾਂ ਨਾਲ ਉਸ ਮੁੱਦੇ ਨੂੰ ਛੇੜ ਦਿੱਤਾ ਜਿਸ ਬਾਰੇ ਪਾਕਿਸਤਾਨ ਦੀ ਫੌਜ ਵੱਲੋਂ ਵਰਜਿਆ ਜਾਂਦਾ ਰਿਹਾ ਹੈ।

ਪੀ.ਟੀ.ਆਈ. ਦੀ ਸਰਕਾਰ ਨੇ ਪੀ.ਡੀ.ਐੱਮ. ਨੂੰ ਤੋੜਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ। ਅਫ਼ਵਾਹਾਂ ਫੈਲੀਆਂ ਸਨ ਕਿ ਦੋ ਮੁੱਖ ਵਿਰੋਧੀ ਪਾਰਟੀਆਂ ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਬਿਲਕੁਲ ਵੀ ਇਕਮਤ ਨਹੀਂ ਹਨ ਅਤੇ ਕਦੇ ਵੀ ਇਹ ਦੋਵੇਂ ਪਾਰਟੀਆਂ ਪੀ.ਡੀ.ਐੱਮ. ਤੋਂ ਵੱਖ ਹੋ ਸਕਦੀਆਂ ਹਨ। ਜਦਕਿ ਮਾਨਸੇਹਰਾ ਰੈਲੀ ਵਿਚ ਮਰੀਅਮ ਨਵਾਜ਼ ਨੇ ਕਿਹਾ ਕਿ ਪੀ.ਡੀ.ਐੱਮ. ਸੰਘਰਸ਼ ਨੂੰ ਜਾਰੀ ਰੱਖਣ ਦਾ ਸੰਕਲਪ ਦੁਹਰਾਉਂਦੀ ਹੈ, ਨਵਾਜ਼ ਸ਼ਰੀਫ ਪਾਕਿਸਤਾਨ ਪਰਤਣਗੇ ਅਤੇ ਚੌਥੀ ਵਾਰ ਮੁਲਕ ਦੇ ਵਜ਼ੀਰੇ ਆਜ਼ਮ ਬਣਨਗੇ। ਇਨ੍ਹਾਂ ਗੱਲਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਿਰੋਧੀ ਧਿਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ 'ਤੇ ਦਬਾਅ ਵਧਾਉਣ ਲਈ ਬਿਲਕੁਲ ਤਿਆਰ ਹੈ।

ਇਸ ਦੌਰਾਨ ਇਮਰਾਨ ਖ਼ਾਨ ਦੀ ਵਜ਼ਾਰਤ ਸਰਹੱਦ ਪਾਰ ਅੱਤਵਾਦ ਨੂੰ ਹੱਲਾਸ਼ੇਰੀ ਦੇ ਰਹੀ ਹੈ। ਭਾਰਤੀ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਨਗਰੋਟਾ ਵਿੱਚ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੁਆਰਾ ਪੁਲਵਾਮਾ ਵਰਗੇ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ਦੌਰਾਨ ਚਾਰ ਪਾਕਿਸਤਾਨੀ ਅੱਤਵਾਦੀ ਮਾਰੇ ਗਏ ਸਨ। ਭਾਰਤੀ ਏਜੰਸੀਆਂ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਇੱਕ ਜ਼ਖੀਰਾ ਵੀ ਬਰਾਮਦ ਕੀਤਾ ਹੈ। ਭਾਰਤ ਨੇ ਇਸ ਸੰਬੰਧੀ ਆਪਣਾ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ। ਇਸ ਮੁੱਦੇ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਤਲਬ ਕੀਤਾ ਅਤੇ ਹਮਲੇ ਦੀ ਕੋਸ਼ਿਸ਼ ਕਰਨ ਤੇ ਤਿੱਖਾ ਵਿਰੋਧ ਜਤਾਇਆ, ਜਿਸ ਨੂੰ ਸਿਰਫ਼ ਭਾਰਤੀ ਸੁਰੱਖਿਆ ਬਲਾਂ ਦੀ ਮੁਸਤੈਦੀ ਕਾਰਨ ਹੀ ਰੋਕਿਆ ਗਿਆ ਸੀ। ਇਸ ਦੇ ਨਾਲ ਹੀ ਇਹ ਮੰਗ ਕੀਤੀ ਗਈ ਕਿ ਪਾਕਿਸਤਾਨ ਆਪਣੀ ਧਰਤੀ ਤੋਂ ਕੰਮ ਕਰ ਰਹੇ ਅੱਤਵਾਦੀਆਂ ਅਤੇ ਅੱਤਵਾਦੀ ਗੁੱਟਾਂ ਨੂੰ ਹਿਮਾਇਤ ਦੇਣ ਦੀ ਨੀਤੀ ਤੋਂ ਪਰਹੇਜ਼ ਕਰੇ ਅਤੇ ਅੱਤਵਾਦੀ ਗੁੱਟਾਂ ਦੁਆਰਾ ਚਲਾਏ ਜਾ ਰਹੇ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਖ਼ਤਮ ਕੀਤਾ ਜਾਵੇ ਤਾਂ ਜੋ ਹੋਰਨਾਂ ਮੁਲਕਾਂ ਵਿੱਚ ਹਮਲੇ ਨਾ ਕੀਤੇ ਜਾ ਸਕਣ।

ਪਾਕਿਸਤਾਨ ਇਕ ਕਮਜ਼ੋਰ ਆਰਥਿਕਤਾ ਨਾਲ ਜੂਝ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਮ ਵਸਤਾਂ ਦੀ ਮਹਿੰਗਾਈ ਅਤੇ ਪੀ.ਡੀ.ਐੱਮ. ਦੇ ਵਿਰੋਧ ਪ੍ਰਦਰਸ਼ਨਾਂ ਦੇ ਨਾਲ-ਨਾਲ ਆਮ ਲੋਕੀਂ ਵੀ ਸੜਕਾਂ 'ਤੇ ਆ ਗਏ ਹਨ। ਪੀ.ਟੀ.ਆਈ. ਦੀ ਸਰਕਾਰ ਘਰੇਲੂ ਮਸਲਿਆਂ ਦਾ ਹੱਲ ਲੱਭਣ ਦੀ ਬਜਾਇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਲੜਨ ਵਿੱਚ ਹੀ ਉਲਝੀ ਹੋਈ ਹੈ। ਇਸ ਦੇ ਨਾਲ ਹੀ ਉਹ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਪੀ.ਡੀ.ਐੱਮ. ਆਉਣ ਵਾਲੇ ਸਮੇਂ ਵਿੱਚ ਆਪਣੀਆਂ ਨਿਰਧਾਰਤ ਰੈਲੀਆਂ ਦੀ ਤਿਆਰੀ ਵਿੱਚ ਜੁਟੀ ਹੋਈ ਹੈ ਅਤੇ ਵਜ਼ੀਰੇ ਆਜ਼ਮ ਇਮਰਾਨ ਖਾਨ ਤੋਂ ਅਸਤੀਫਾ ਮੰਗਣ ਦੇ ਲਈ ਅਗਲੇ ਸਾਲ ਜਨਵਰੀ ਵਿੱਚ ਇਸਲਾਮਾਬਾਦ ਵਿੱਚ ਵੱਡੀ ਰੈਲੀ ਕਰਨ ਦੀ ਉਸ ਦੀ ਯੋਜਨਾ ਹੈ।

ਪਾਕਿਸਤਾਨ ਫਿਲਹਾਲ ਇਕ ਸਿਆਸੀ ਹਲਚਲ ਵੱਲ ਵਧ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵੀ ਵੱਧ ਰਹੇ ਹਨ। ਇਹ ਦੇਖਣਾ ਬਾਕੀ ਹੈ ਕਿ ਇਸ ਸਾਰੇ ਮਾਮਲੇ ਨੂੰ ਲੈ ਕੇ ਫੌਜ ਕੀ ਰੁਖ਼ ਅਖਤਿਆਰ ਕਰਦੀ ਹੈ। ਕੀ ਪਾਕਿਸਤਾਨ ਦੀ ਫੌਜ ਮੁਲਕ ਦੀ ਸਿਆਸਤ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਆਪਣਾ ਵਾਅਦਾ ਤੋੜ ਦੇਵੇਗੀ? ਇਸ ਸੰਭਾਵਨਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ!

ਸਕ੍ਰਿਪਟ: ਡਾ. ਜ਼ੈਨਬ ਅਖ਼ਤਰ, ਪਾਕਿਸਤਾਨੀ ਮਾਮਲਿਆਂ ਦੇ ਵਿਸ਼ਲੇਸ਼ਕ

Comments

Popular posts from this blog

ਭਾਰਤ-ਬ੍ਰਿਟੇਨ ਦੇ ਮੁਕਤ ਵਪਾਰ ਸਮਝੌਤੇ ਵੱਲ ਵੱਧਦੇ ਸਾਂਝੇ ਕਦਮ

ਅਮਰੀਕੀ ਰਿਪੋਰਟ ਨੇ ਪਾਕਿਸਤਾਨ ਨੂੰ ਘੇਰਿਆ

ਪੈਰਿਸ ਸਮਝੌਤੇ ਤੋਂ ਅਮਰੀਕਾ ਦਾ ਪਿੱਛੇ ਹਟਣਾ ਚਿੰਤਾ ਦਾ ਵਿਸ਼ਾ